
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਸਿਹਤ ਅਧਿਕਾਰੀਆਂ ਅਤੇ ਵਿਕਟੋਰੀਆ ਸਰਕਾਰ ਨਾਲ ਮਿਲ ਕੇ ਇਹ ਫੈਸਲਾ ਲਿਆ ਹੈ ਕਿ ਰਾਜ ਦੀਆਂ ਸੀਮਾਵਾਂ ਨੂੰ ਵਿਕਟਰੀਆ ਰਾਜ ਨਾਲ 23 ਨਵੰਬਰ ਨੂੰ ਅੱਧੀ ਰਾਤ 00:01 ਘੰਟਿਆਂ ਉਪਰ ਖੋਲ੍ਹ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਉਕਤ ਸੀਮਾਵਾਂ ਕਰੋਨਾ ਕਾਰਨ ਬੀਤੇ ਕਈ ਮਹੀਨਿਆਂ ਤੋਂ ਬੰਦ ਹਨ ਅਤੇ ਲੋਕਾਂ ਦੀ ਪੁਰਜ਼ੋਰ ਮੰਗ ਅਤੇ ਕਰੋਨਾ ਦੀ ਮੱਠੀ ਪਈ ਚਾਲ ਅਤੇ ਸੁਧਰਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਕਤ ਫੈਸਲਾ ਲਿਆ ਗਿਆ ਹੈ। ਤਾਰੀਖ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਲੋਕ ਮਿੱਥੀ ਤਾਰੀਖ ਨੂੰ ਆਵਾਗਮਨ ਦੇ ਆਪਣੇ ਪ੍ਰਗਰਾਮ ਬਣਾ ਸਕਦੇ ਹਨ। ਸਿਹਤ ਮੰਤਰੀ ਬਰੈਡ ਹੈਜ਼ਾਰਡ ਨੇ ਵੀ ਕਿਹਾ ਕਿ ਵਿਕਟੋਰੀਆਈ ਸਰਕਾਰ ਇਸੇ ਤਾਰੀਖ ਨੂੰ ਹੀ ਮੈਲਬੋਰਨ ਉਪਰ ਲਗਾਇਆ ਗਿਆ ‘ਰਿੰਗ ਆਫ ਸਟੀਲ’ ਵਾਲੀ ਪਾਬੰਧੀ ਵੀ ਚੁੱਕਣ ਜਾ ਰਹੀ ਹੈ ਜਿਸ ਨਾਲ ਕਿ ਮੈਲਬੋਰਨ ਦੇ ਨਿਵਾਸੀ ਵੀ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਆ ਜਾ ਸਕਦੇ ਹਨ। ਬਹੁਤ ਸਾਰੇ ਕੰਮ-ਧੰਦਿਆਂ ਦੇ ਰੁਕੇ ਹੋਣ ਦੇ ਨਾਲ ਨਾਲ ਬਹੁਤ ਸਾਰੇ ਪਰਵਾਰ ਵੀ ਅਜਿਹੇ ਹਨ ਜਿਹੜੇ ਕਿ ਮਹੀਨਿਆਂ ਤੋਂ ਆਪਸ ਵਿੱਚ ਵਿਛੜੇ ਬੈਠੇ ਹਨ ਅਤੇ ਹੁਣ ਉਹ ਵੀ ਇੱਕ ਦੂਜੇ ਨੂੰ ਮਿਲ ਸਕਣਗੇ। ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਕਿਹਾ ਕਿ ਦੋਹਾਂ ਰਾਜਾਂ ਦੀਆਂ ਸਰਕਾਰਾਂ ਅਤੇ ਸਿਹਤ ਅਧਿਕਾਰੀ ਆਪਸ ਵਿੱਚ ਪੂਰਾ ਤਾਲਮੇਲ ਰੱਖ ਰਹੇ ਹਨ ਅਤੇ ਮੌਜੂਦਾ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਉਪਰ ਸਾਰਿਆਂ ਦੀ ਹੀ ਪੈਨੀ ਨਜ਼ਰ ਲੱਗੀ ਹੋਈ ਹੈ ਅਤੇ ਲੱਗੀ ਵੀ ਰਹੇਗੀ। ਉਨ੍ਹਾਂ ਕਿਹਾ ਕਿ ਦੋਹਾਂ ਰਾਜਾਂ ਦੇ ਅਧਿਕਾਰੀਆਂ ਦਾ ਸਭ ਤੋਂ ਪਹਿਲਾ ਅਤੇ ਅਹਿਮ ਫ਼ਰਜ਼ ਹੈ ਕਿ ਜਨਤਕ ਸਿਹਤ ਦਾ ਸਭ ਤੋਂ ਪਹਿਲਾਂ ਧਿਆਨ ਰੱਖਿਆ ਜਾਵੇ।