ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਛੋਟੇ ਅਤੇ ਮੱਧਵਰਗੀ ਕੰਮ-ਧੰਦਿਆਂ ਲਈ ਕੀਤੀ ਗਈ ਮਦਦ ਦਾ ਆਂਕੜਾ ਜਾਰੀ

ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਅਨੁਸਾਰ, ਸਰਕਾਰ ਦੁਆਰਾ ਛੋਟੇ ਅਤੇ ਮੱਧਵਰਗੀ ਕੰਮ-ਧੰਦਿਆਂ ਲਈ ਕੀਤੀ ਗਈ ਮਦਦ ਦੇ ਆਂਕੜੇ ਦਰਸਾਉਂਦੇ ਹਨ ਕਿ ਵਿਤੀ ਸਾਲ 2019/20 ਦੌਰਾਨ 40 ਬਿਲੀਅਨ ਡਾਲਰਾਂ ਤੱਕ ਦੇ ਵਸਤੂਆਂ, ਸੇਵਾਵਾਂ ਅਤੇ ਉਤਪਾਦਕਾਂ ਦੇ ਬਜਟ ਦੀ ਘੱਟੋ ਘੱਟ ਅੱਧੀ ਰਕਮ ਦਾ ਇਸਤੇਮਾਲ ਅਜਿਹੇ ਉਦਯੋਗ ਧੰਦਿਆਂ ਦੀ ਮਦਦ ਕਰਨ ਲਈ ਕੀਤਾ ਗਿਆ ਜਿਨ੍ਹਾਂ ਨੂੰ ਕਿ ਫੌਰੀ ਤੌਰ ਤੇ ਮਦਦ ਦੀ ਜ਼ਰੂਰਤ ਸੀ। ਸਰਕਾਰ ਦੇ ਦੱਸਣ ਅਨੁਸਾਰ ਇਸ ਸਾਲ ਦੌਰਾਨ 19.1 ਬਿਲੀਅਨ ਦੀ ਰਕਮ ਫੂਡ ਕੇਟਰਿੰਗ ਤੋਂ ਲੈ ਕੇ ਤਕਨੀਕੀ ਸਲਾਹਕਾਰਾਂ ਅਤੇ ਉਸਾਰੀ ਆਦਿ ਦੇ ਕੰਮਾਂ ਵਿੱਚ ਲਗਾਈ ਗਈ ਜਿਹੜੀ ਕਿ ਬੀਤੇ ਸਾਲ ਨਾਲੋਂ 3 ਬਿਲੀਅਨ ਡਾਲਰ ਜ਼ਿਆਦਾ ਹੈ। ਕਿਉਂਕਿ ਅਜਿਹੇ ਛੋਟੇ ਅਤੇ ਮੱਧਵਰਗੀ ਉਦਯੋਗ ਆਦਿ ਹੀ ਅਸਲ ਵਿੱਚ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸਰਕਾਰ ਦੀ ਨਜ਼ਰ ਇਨ੍ਹਾਂ ਵਾਸਤੇ ਹਮੇਸ਼ਾ ਹੀ ਦਰੁਸਤਗੀ ਅਧੀਨ ਹੀ ਰਹਿੰਦੀ ਹੈ। ਇਹ ਵੀ ਇੱਕ ਸਚਾਈ ਹੈ ਕਿ ਅਜਿਹੇ ਹੀ ਕੰਮ-ਧੰਦਿਆਂ ਕਾਰਨ ਸਮਾਜ ਅੰਦਰ ਕਾਫੀ ਹੱਦ ਤੱਕ ਲੋਕਾਂ ਨੂੰ ਰੌਜ਼ਗਾਰ ਮਿਲਦਾ ਹੈ ਅਤੇ ਕਈ ਜ਼ਿੰਦਗੀਆਂ ਇਨ੍ਹਾਂ ਉਪਰ ਹੀ ਗੁਜ਼ਰ-ਬਸ਼ਰ ਕਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਕਾਲ ਦੇ ਚਲਦਿਆਂ ਸੱਭ ਤੋਂ ਜ਼ਿਆਦਾ ਮਾਰ ਇਨ੍ਹਾਂ ਉਪਰ ਹੀ ਪਈ ਹੈ ਅਤੇ ਇਸ ਵਾਸਤੇ ਇਨ੍ਹਾਂ ਦੀ ਪਹਿਲੇ ਦੇ ਆਧਾਰ ਤੇ ਮਦਦ ਕਰਨਾ ਸਰਕਾਰ ਦਾ ਹੋਰ ਵੀ ਜ਼ਰੂਰੀ ਫ਼ਰਜ਼ ਬਣ ਜਾਂਦਾ ਹੈ। ਸਰਕਾਰ ਹਮੇਸ਼ਾ ਇਹੀ ਚਾਹੁੰਦੀ ਹੈ ਇਨ੍ਹਾਂ ਉਦਯੋਗਾਂ ਅੰਦਰ ਹਮੇਸ਼ਾ ਹੀ ਇਕਸਾਰਤਾ ਬਣੀ ਰਹੇ ਅਤੇ ਇਨ੍ਹਾਂ ਨੂੰ ਕੱਚਾ ਮਾਲ -ਸਹੀ ਮੁੱਲ ਅਤੇ ਚੰਗੇ ਮਾਪਦੰਢਾਂ ਵਾਲਾ, ਪੂਰਨ ਮਿਕਦਾਰ ਵਿੱਚ ਮਿਲਦਾ ਰਹੇ ਅਤੇ ਤਿਆਰ ਵਸਤੂਆਂ ਦਾ ਸਹੀ ਵੇਚ ਮੁੱਲ ਵੀ ਇਨ੍ਹਾਂ ਦੀ ਝੋਲੀ ਪੈਂਦਾ ਰਹੇ। ਸਰਕਾਰ ਨੇ ਅਜਿਹੇ ਕੰਮ-ਧੰਦਿਆਂ ਵਾਸਤੇ ਸਾਂਝਾ ਪੋਰਟਲ ਵੀ ਜਾਰੀ ਕੀਤਾ ਹੈ ਅਤੇ ਪੂਰੀ ਜਾਣਕਾਰੀ https://suppliers.buy.nsw.gov.au/ ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×