ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ‘ਟੋਲ ਪਲਾਜ਼ਾ ਰਿਬੇਟ ਸਕੀਮ’ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ਕਿ ਅਜਿਹੇ ਡ੍ਰਾਈਵਰ ਜਿਨ੍ਹਾਂ ਨੇ ਆਪਣੇ ਵਾਹਨਾਂ ਤੇ ਸਫ਼ਰ ਕਰਦਿਆਂ ਟੋਲ ਪਲਾਜ਼ਾ ਉਪਰ 375 ਡਾਲਰਾਂ ਤੋਂ ਲੈ ਕੇ 750 ਡਾਲਰਾਂ ਤੱਕ ਦੀ ਫੀਸ ਜੁਲਾਈ 01, 2022 ਤੋਂ ਜੂਨ 30, 2023 ਤੱਕ ਅਦਾ ਕੀਤੀ ਹੈ ਜਾਂ ਭਵਿੱਖ ਵਿੱਚ ਕਰਨ ਜਾ ਰਹੇ ਹਨ, ਉਨ੍ਹਾਂ ਵਾਸਤੇ 40% ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ ਰਾਹਤ ਸਕੀਮ ਰਾਜ ਵਿੱਚਲੇ ਲੋਕਾਂ ਨੂੰ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ 7 ਬਿਲੀਅਨ ਡਾਲਰਾਂ ਦੇ ਬਜਟ ਵਾਲੀ ਰਾਹਤ ਸਕੀਮ ਦਾ ਹੀ ਹਿੱਸਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਸਕੀਮਾਂ ਆਦਿ ਨੂੰ ਲਾਂਚ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਨੂੰ ਰਾਹਤ ਦੇ ਨਾਲ ਨਾਲ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਇਹ ਸੁਨੇਹਾ ਮਿਲੇ ਕਿ ਨਿਊ ਸਾਊਥ ਵੇਲਜ਼ ਹੀ ਇੱਕੋ ਇੱਕ ਅਜਿਹਾ ਰਾਜ ਹੈ ਜਿੱਥੇ ਕਿ ਨਿਜੀ ਅਤੇ ਪਰਿਵਾਰਕ ਤੌਰ ਤੇ ਬਿਹਤਰ ਜ਼ਿੰਦਗੀ ਜੀਵੀ ਜਾ ਸਕਦਾ ਹੈ ਅਤੇ ਵਧੀਆ ਵਪਾਰ ਆਦਿ ਵੀ ਕੀਤੇ ਜਾ ਸਕਦੇ ਹਨ ਅਤੇ ਇਸ ਵਾਸਤੇ ਸਰਕਾਰ ਹਰ ਤਰ੍ਹਾਂ ਦੀਆਂ ਸੰਭਵ ਸੁਵਿਧਾਵਾਂ ਆਦਿ ਪ੍ਰਦਾਨ ਕਰਦੀ ਹੈ।
ਹਾਲ ਦੀ ਘੜੀ ਇਹ ਸਕੀਮ ਸਿਰਫ ਨਿਜੀ ਵਾਹਨਾਂ ਉਪਰ ਦਿੱਤੀ ਜਾ ਰਹੀ ਹੈ ਪਰੰਤੂ ਜੋ ਵਪਾਰ ਆਦਿ ਵਾਲਾ ਤਬਕਾ ਹੈ, ਉਮੀਦ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਹੀ (ਫਰਵਰੀ 28 ਤੋਂ) ਇਸ ਸਕੀਮ ਦਾ ਹਿੱਸਾ ਬਣਾ ਲਿਆ ਜਾਵੇਗਾ।
ਇਸ ਸਕੀਮ ਦਾ ਲਾਭ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।