ਟੋਲ ਪਲਾਜ਼ਾ ਰੇਟਾਂ ਵਿੱਚ ਇਜ਼ਾਫ਼ਾ

”ਪਹਿਲੀ ਵਾਲੀ ਸਰਕਾਰ ਦਾ ਦੋਸ਼” -ਨਵੇਂ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਦਿੱਤੀ ਸਫ਼ਾਈ

ਨਿਊ ਸਾਊਥ ਵੇਲਜ਼ ਦੇ ਨਵੇਂ ਬਣੇ ਪ੍ਰੀਮੀਅਰ ਨੇ ਅੱਜ ਰਾਜ ਤੋਂ ਰਾਜ ਭਰ ਵਿੱਚ ਟੋਲ ਰੇਟਾਂ ਵਿੱਚ ਹੋ ਰਹੇ ਇਜ਼ਾਫ਼ੇ ਬਾਰੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਉਨ੍ਹਾਂ ਦਾ ਤਾਂ ਕੋਈ ਦੋਸ਼ ਹੀ ਨਹੀਂ ਹੈ। ਇਹ ਸਮਝੌਤੇ ਤਾਂ ਪਹਿਲਾਂ ਵਾਲੀ ਪੈਰੋਟੈਟ ਸਰਕਾਰ ਦੇ ਟ੍ਰਾਂਸਅਰਬਨ ਕੰਪਨੀ ਨਾਲ ਕੀਤੇ ਹੋਏ ਹਨ। ਉਨ੍ਹਾਂ ਦੀ ਨਵੀਂ ਸਰਕਾਰ ਤਾਂ ਹਮੇਸ਼ਾ ਇਹੋ ਚਾਹੁੰਦੀ ਹੈ ਕਿ ਆਮ ਆਦਮੀ ਉਪਰ ਕੋਈ ਜ਼ਿਆਦਾ ਬੋਝ ਨਾ ਪਵੇ ਅਤੇ ਇਸ ਵਾਸਤੇ ਉਨ੍ਹਾਂ ਦੀ ਸਰਕਾਰ ਹਮੇਸ਼ਾ ਕੰਮ ਕਰਦੀ ਰਹੇਗੀ।
ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ਵਾਲੇ ਐਗਰੀਮੈਂਟ ਅਪ੍ਰੈਲ ਦੀ 01 ਤਾਰੀਖ ਤੋਂ ਰਿਵਿਊ ਹੁੰਦੇ ਹਨ ਅਤੇ ਇਸੇ ਦੇ ਤਹਿਤ ਅੱਜ ਰਾਤ ਦੇ 12 ਵਜੇ ਤੋਂ ਹਿਲਜ਼ ਐਮ 2, ਲੇਨ ਕੋਵ ਟਨਲ, ਈਸਟਰਨ ਡਿਸਟ੍ਰਿਬਿਊਟਰ, ਕਰਾਸ ਸਿਟੀ ਟਨਲ, ਐਮ-5 ਸਾਊਥ ਵੈਸਟ, ਅਤੇ ਨਾਰਥਕਨੈਕਸ ਆਦਿ ਥਾਂਵਾਂ ਤੇ ਟੋਲ ਪਲਾਜ਼ਿਆਂ ਦੇ ਰੇਟਾਂ ਵਿੱਚ ਵਾਧਾ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਮਿਨਜ਼ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਵਿੱਚ ਵੀ ਕਿਹਾ ਸੀ ਕਿ ਉਹ ਟੋਲ ਪਲਾਜ਼ਿਆਂ ਦੇ ਰੇਟਾਂ ਵਿੱਚ ਕਮੀ ਕਰਨਗੇ ਅਤੇ ਆਮ ਆਦਮੀ ਨੂੰ ਇਸ ਦਾ ਲਾਭ ਮਿਲੇਗਾ। ਇਹ ਸੰਯੋਗ ਹੀ ਹੈ ਕਿ ਮਿਨਜ਼ ਸਰਕਾਰ ਦੇ ਆਉਂਦਿਆਂ ਹੀ 1 ਅਪ੍ਰੈਲ ਆ ਗਈ ਅਤੇ ਟੋਲ ਪਲਾਜ਼ਾ ਦੇ ਰੇਟਾਂ ਵਿੱਚ ਮੁੜ ਤੋਂ ਇਜ਼ਾਫ਼ਾ ਹੋ ਗਿਆ।
ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਇਆ ਜਾਣ ਵਾਲਾ ‘ਟੋਲ ਰਿਲੀਫ਼ ਪਲਾਨ’ ਟੋਲ ਪਲਾਜ਼ਾ ਤੇ ਭੁਗਤਾਨ ਕਰਨ ਵਾਲਿਆਂ ਲਈ ਹਰ ਹਫ਼ਤੇ 60 ਡਾਲਰਾਂ ਤੱਕ ਦੀ ਸੀਮਾ ਨਿਯਤ ਕੀਤੀ ਜਾਵੇਗੀ ਅਤੇ ਇਸ ਨਾਲ ਲੋਕਾਂ ਨੂੰ ਫ਼ਾਇਦਾ ਹੀ ਹੋਵੇਗਾ। ਇਸਤੋਂ ਇਲਾਵਾ ਰਾਜ ਦੇ ਵਾਹਨ ਚਾਲਕਾਂ ਵੱਲੋਂ ਟੋਲ ਪਲਾਜ਼ਾ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਐਡਮੀਨ ਫੀਸਾਂ ਦਾ ਵੀ ਮੁੜ ਤੋਂ ਜਾਇਜ਼ਾ ਲਿਆ ਜਾਵੇਗਾ।