ਨਿਊ ਸਾਊਥ ਵੇਲਜ਼ ਵਿੱਚ 1 ਨਵੰਬਰ ਤੋਂ ਪਲਾਸਟਿਕ ਪਾਬੰਦੀ ਉਪਰ ਹੋਰ ਨਵੇਂ ਫੈਸਲੇ ਹੋਣਗੇ ਲਾਗੂ

ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਬੀਤੇ ਜੂਨ ਦੇ ਮਹੀਨੇ ਤੋਂ ਹੀ ਇਸਤੇਮਾਲ ਹੋਣ ਵਾਲੇ ਹਲਕੇ ਪਲਾਸਟਿਕ ਦੇ ਸਾਮਾਨ ਉਪਰ ਪਾਬੰਦੀ ਲਗਾਈ ਹੋਈ ਹੈ। ਹੁਣ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਤਹਿਤ, ਸਰਕਾਰ ਨੇ ਕੁੱਝ ਫੋਟੋਆਂ ਜਾਰੀ ਕੀਤੀਆਂ ਹਨ ਜਿਸ ਵਿੱਚ ਇੱਕ ਪਲਾਸਟਿਕ ਦਾ ਲਫਾਫਾ, ਸਮੁੰਦਰ ਵਿੱਚ ਇੱਕ ਕਛੂਏ ਦੁਆਰਾ ਖਾਇਆ ਜਾ ਰਿਹਾ ਹੈ, ਦਿਖਾਇਆ ਗਿਆ ਹੈ ਅਤੇ ਸੱਚਾਹੀ ਇਹ ਦਰਸਾਈ ਗਈ ਹੈ ਕਿ ਸਮੁੰਦਰੀ ਜੀਵ ਅਜਿਹੀਆਂ ਵਸਤੂਆਂ ਨੂੰ ਖਾ ਕੇ ਮਰ ਰਹੇ ਹਨ।
ਇਸ ਨਵੀਂ ਮੁਹਿੰਮ ਦੀ ਸ਼ੁਰੂਆਤ ਨਵੰਬਰ 01, 2022 ਤੋਂ ਹੋ ਰਹੀ ਹੈ ਅਤੇ ਇਸ ਤਹਿਤ ਇੱਕ ਵਾਰੀ ਇਸਤੇਮਾਲ ਹੋਣ ਵਾਲੀ ਕਟਲਰੀ ਵਾਲੀਆਂ ਆਇਟਮਾਂ ਅਤੇ ਹੋਰ ਇੱਦਾਂ ਦੇ ਹੀ ਸਾਮਾਨ ਉਪਰ ਪਾਬੰਦੀ ਲਗਾਈ ਜਾ ਰਹੀ ਹੈ।
ਨਵੀਂ ਪਾਬੰਦੀ ਤਹਿਤ ਜੂਸ ਆਦਿ ਪੀਣ ਵਾਲੀਆਂ ਪਾਈਪਾਂ, ਚਮਚ, ਕਾਂਟੇ, ਚੋਪ-ਸਟਿਕਾਂ, ਕੰਨ ਸਾਫ ਕਰਨ ਵਾਲੇ ਬਡਜ਼, ਕੱਪ, ਪਲੇਟਾਂ, ਕੋਲੀਆਂ, ਕੋਲੇ, ਕੰਟੇਨਰ ਅਤੇ ਇੱਥੋਂ ਤੱਕ ਕਿ ਕਈ ਤਰ੍ਹਾਂ ਦੇ ਮੂੰਹ ਅਤੇ ਸਰੀਰ ਦੀ ਸਫਾਈ ਕਰਨ ਵਾਲੇ ਪਦਾਰਥ, ਮਾਸਕ ਆਦਿ ਵੀ ਸ਼ਾਮਿਲ ਹਨ।
ਅਜਿਹੇ ਪਦਾਰਥ ਜਾਂ ਤਾਂ ਮੁੱਲ ਮਿਲਦੇ ਹਨ ਅਤੇ ਜਾਂ ਫੇਰ ਕਈ ਵਸਤੂਆਂ ਆਦਿ ਨਾਲ ਮੁਫ਼ਤ ਵਿੱਚ ਵੀ ਦਿੱਤੇ ਜਾਂਦੇ ਹਨ।

ਇਸ ਮੁਹਿੰਮ ਬਾਬਤ ਪਹਿਲਾਂ ਲੋਕਾਂ ਨੂੰ ਅਵਗਤ ਕਰਵਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਅਤੇ ਸੈਮੀਨਾਰ ਆਦਿ ਕੀਤੇ ਜਾਣਗੇ। ਜੇਕਰ ਇਹ ਸਕੀਮ ਕਾਰਗਰ ਨਹੀਂ ਹੁੰਦੀ ਤਾਂ ਜੁਰਮਾਨੇ ਵੀ ਲਗਾਏ ਜਾ ਸਕਦੇ ਹਨ। ਇਸ ਪਾਬੰਦੀ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵਿਅਕਤੀ ਨੁੰ 1100 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਜੇਕਰ ਕੋਈ ਬਿਜਨਸ ਵਾਲਾ ਅਦਾਰਾ ਅਜਿਹੀ ਅਣਗਹਿਲੀ ਕਰਦਾ ਹੈ ਤਾਂ ਜੁਰਮਾਨੇ ਦੀ ਰਕਮ 5500 ਡਾਲਰ ਤੱਕ ਹੋ ਸਕਦੀ ਹੈ।
ਇਸਤੋਂ ਇਲਾਵਾ ਜੇਕਰ ਮਾਮਲਾ ਅਦਾਲਤ ਤੱਕ ਅੱਪੜਦਾ ਹੈ ਤਾਂ ਫੇਰ ਜੁਰਮਾਨੇ ਦੀ ਰਕਮ ਵਿੱਚ ਕਈ ਗੁਣਾਂ ਇਜ਼ਾਫ਼ਾ ਹੋ ਸਕਦਾ ਹੈ ਅਤੇ ਇਹ ਰਕਮ 10,000 ਡਾਲਰ ਤੱਕ ਵੀ ਪਹੁੰਚ ਸਕਦੀ ਹੈ।