ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਵਿੱਚ ਇੱਕ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਜੇਕਰ ਇੱਕ ਕਤਲ ਹੋ ਜਾਂਦਾ ਹੈ ਅਤੇ ਉਸਦੇ ਤਹਿਤ ਕਾਤਿਲ ਫੜਿਆ ਵੀ ਜਾਂਦਾ ਹੈ ਪਰੰਤੂ ਮ੍ਰਿਤਕ ਦੇਹ ਦਾ ਕੁੱਝ ਵੀ ਪਤਾ ਨਹੀਂ ਚਲਦਾ ਅਤੇ ਕਾਤਿਲ ਵੱਲੋਂ ਇਹ ਗੱਲ ਛੁਪਾਈ ਜਾਂਦੀ ਹੈ ਕਿ ਉਸਨੇ ਮ੍ਰਿਤਕ ਦੇਹ ਦਾ ਕੀ ਕੀਤਾ…. ਅਤੇ ਮ੍ਰਿਤਕ ਦੇਹ ਨਹੀਂ ਮਿਲਦੀ ਤਾਂ ਫੇਰ ਉਕਤ ਕਾਨੂੰਨ ਦੇ ਤਹਿਤ ਉਕਤ ਕਾਤਿਲ ਨੂੰ ਪੈਰੋਲ ਵੀ ਨਹੀਂ ਮਿਲੇਗੀ…..।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਡਰ ਤੋਂ ਕਾਤਿਲ ਨੇ ਮ੍ਰਿਤਕ ਦੇਹ ਨਾਲ ਕੀ ਕੀਤਾ ਸੀ, ਇਹ ਦੇਰ ਸਵੇਰ ਦੱਸ ਹੀ ਦੇਵੇਗਾ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਥੋੜ੍ਹਾ ਚੈਨ ਮਿਲ ਜਾਵੇਗਾ।
ਰਾਜ ਵਿੱਚ ਅਜਿਹੇ ਹੀ ਕਤਲਾਂ ਦੇ ਮਾਮਲਿਆਂ ਵਿੱਚ ਸਜ਼ਾ ਭੁਗਤ ਰਹੇ ਘੱਟੋ ਘਟ 6 ਕੈਦੀਆਂ ਉਪਰ ਇਸ ਦਾ ਸਿੱਧਾ ਅਸਰ ਪਵੇਗਾ।
ਇਸ ਕਾਨੂੰਨ ਨੂੰ ‘ਲਿਨਜ਼ ਲਾਅ’ ਦਾ ਨਾਮ ਦਿੱਤਾ ਜਾ ਰਿਹਾ ਹੈ। ਇਹ ਨਾਮ ਇੱਕ 33 ਸਾਲਾਂ ਦੀ ਮਹਿਲਾ ‘ਲਿਨੇਟ’ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀਮਤੀ ਲਿਨੇਟ (2 ਬੱਚਿਆਂ ਦੀ ਮਾਤਾ) ਦਾ ਕਤਲ ਤਕਰੀਬਨ 40 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਹੋਇਆ ਸੀ ਅਤੇ ਇਹ ਕਤਲ ਉਸਦੇ ਪਤੀ (ਸਿਡਨੀ ਦਾ ਹੀ ਇੱਕ ਅਧਿਆਪਕ -ਕ੍ਰਿਸ ਡਾਅਸਨ) ਵੱਲੋਂ ਹੀ ਕੀਤਾ ਗਿਆ ਸੀ ਪਰੰਤੂ ਮ੍ਰਿਤਕ ਦੀ ਦੇਹ ਦਾ ਕੋਈ ਥਹੂ-ਪਤਾ ਨਹੀਂ ਲੱਗ ਸਕਿਆ।
ਉਕਤ ਕਾਨੂੰਨ ਵਾਸਤੇ ਖਰੜਾ ਇਸੇ ਹਫ਼ਤੇ, ਰਾਜ ਦੀ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪ੍ਰੀਮੀਅਰ ਨੂੰ ਪੂਰੀ ਉਮੀਦ ਹੈ ਕਿ ਇਹ ਬਿਲ ਬਿਨ੍ਹਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਪਾਸ ਕਰ ਲਿਆ ਜਾਵੇਗਾ ਕਿਉਂਕਿ ਇਹ ਪੂਰੀ ਤਰ੍ਹਾਂ ਜਨਹਿਤ ਵਿੱਚ ਹੈ ਅਤੇ ਉਨ੍ਹਾਂ ਪੀੜਿਤਾਂ ਨੂੰ ਥੋੜ੍ਹਾ ਧਰਵਾਸਾ ਦਿੰਦਾ ਹੈ ਜਿਨ੍ਹਾਂ ਦੇ ਪਿਆਰਿਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਦੀਆਂ।