18 ਸਾਲ ਦਾ ਲੜਕਾ ਫੜਿਆ ਗਿਆ ਆਤੰਕਵਾਦੀ ਗਤੀਵਿਧੀਆਂ ਵਿੱਚ -ਬੰਬ ਬਣਾਉਣ ਦਾ ਸਾਮਾਨ ਜ਼ਬਤ: ਨਿਊ ਸਾਊਥ ਵੇਲਜ਼ ਪੁਲਿਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕੱਲ੍ਹ ਬੁੱਧਵਾਰ ਨੂੰ ਐਲਬਰੀ ਖੇਤਰ ਵਿੱਚੋਂ ਪੁਲਿਸ ਨੇ ਇੱਕ ਅਜਿਹੇ ਮਹਿਜ਼ 18 ਸਾਲਾਂ ਦੇ ਨਵਯੁਵਕ ਨੂੰ ਗ੍ਰਿਫਤਾਰ ਕੀਤਾ ਜੋ ਕਿ ਨਿਉ-ਨਾਜੀ ਅਤੇ ਹੋਰ ਆਤੰਕਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੈ ਅਤੇ ਉਸ ਕੋਲੋਂ ਬੰਬ ਬਣਾਉਣ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ। ਪੁਲਿਸ ਦਾ ਇਲਜ਼ਾਮ ਹੈ ਕਿ ਉਹ ਕਿਤੇ ਭੀੜ ਵਾਲੇ ਖੇਤਰ ਵਿੱਚ ਇਸ ਬੰਬ ਨਾਲ ਕਈ ਲੋਕਾਂ ਨੂੰ ਸਾਮੂਹਿਕ ਤੌਰ ਤੇ ਕਤਲ ਕਰਕੇ ਆਤੰਕਵਾਦੀ ਗਤੀਵਿਧੀ ਕਰਨਾ ਚਾਹੁੰਦਾ ਸੀ ਪਰੰਤੂ ਸਮਾਂ ਰਹਿੰਦਿਆਂ ਹੀ ਪੁਲਿਸ ਨੇ ਇਸਦੇ ਇਰਾਦੇ ਨਿਸਤੇਨਾਬੂਤ ਕਰ ਦਿੱਤੇ। ਏ.ਐਫ.ਪੀ. ਦੇ ਵਧੀਕ ਕਮਿਸ਼ਨਰ ਸਕੋਟ ਲੀ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਅਤੇ ਪੁਲਿਸ ਦੀ ਇਸ ਨਵਯੁਵਕ ਉਪਰ ਬੀਤੇ ਅਗਸਤ ਦੇ ਮਹੀਨੇ ਤੋਂ ਹੀ ਨਜ਼ਰ ਸੀ ਅਤੇ ਇਸ ਦੇ ਚਾਲ ਚਲਣ, ਵਾਰਤਾਲਾਪ ਆਦਿ ਨੂੰ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਵਾਚਿਆ ਜਾ ਰਿਹਾ ਸੀ। ਉਕਤ ਯੁਵਕ ਕੋਲੋਂ ਮੁੱਢਲੀ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹ ਹੋਰ ਲੋਕਾਂ ਨੂੰ ਵੀ ਆਪਣੇ ਨਾਲ ਰਲਾਉਣ ਅਤੇ ਆਪਣੀਆਂ ਆਤੰਕਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਕਰਨਾ ਲੋਚਦਾ ਸੀ ਅਤੇ ਇਸੇ ਦੀ ਤਿਆਰੀ ਵਿੱਚ ਸੀ। ਨਿਊ ਸਾਊਥ ਵੇਲਜ਼ ਪੁਲਿਸ ਦੇ ਵਧੀਕ ਕਮਿਸ਼ਨਰ ਮਾਰਕ ਵਾਲਟਨ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਉਕਤ ਯੁਵਕ ਹਰ ਉਸ ਇਨਸਾਨ ਦੇ ਖ਼ਿਲਾਫ਼ ਸੀ ਜਿਹੜਾ ਉਸਦੀ ਤਰ੍ਹਾਂ ਨਹੀਂ ਦਿਖਾਈ ਦਿੰਦਾ। ਇਸ ਵਿਅਕਤੀ ਦੇ ਜੁਰਮ ਸਾਬਿਤ ਹੋਣ ਤੇ ਇਸਨੂੰ ਘੱਟ ਤੋਂ ਘੱਟ ਵੀ 12 ਸਾਲ ਦੀ ਸਜ਼ਾ ਹੋ ਸਕਦੀ ਹੈ।

Install Punjabi Akhbar App

Install
×