ਨਿਊ ਸਾਊਥ ਵੇਲਜ਼ ਵਿੱਚ ਹਜ਼ਾਰਾਂ ਸਕੂਲ ਅਧਿਆਪਕ ਗਏ ਹੜਤਾਲ ‘ਤੇ

ਦੇਸ਼ ਵਿੱਚ ਜੀਵਨ ਜਿਊਣ ਵਾਸਤੇ ਸਾਰਿਆਂ ਨੂੰ ਹੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਦੇ ਤਹਿਤ, ਹੁਣ ਨਿਊ ਸਾਊਥ ਵੇਲਜ਼ ਰਾਜ ਦੇ ਜਨਤਕ ਸਕੂਲਾਂ ਦੇ ਅਧਿਆਪਕ ਵੀ ਹੜਤਾਲ ਕਰਕੇ ਗਲੀਆਂ ਵਿੱਚ ਨਿਕਲ ਆਏ ਹਨ ਅਤੇ ਪਾਰਲੀਮੈਂਟ ਅੱਗੇ ਮੁਜ਼ਾਹਰੇ ਕਰ ਰਹੇ ਹਨ।
ਆਪਣੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਵਿੱਚ ਵਾਧੇ ਨੂੰ ਲੈ ਕੇ ਰਾਜ ਦੇ ਸਕੂਲ ਅਧਿਆਪਕਾਂ ਨੇ 24 ਘੰਟਿਆਂ ਦੀ ਹੜਤਾਲ ਕੀਤੀ ਹੋਈ ਹੈ। ਅਧਿਆਪਕਾਂ ਦੀਆਂ ਮੁੱਖ ਮੰਗਾਂ ਵਿੱਚ ਦੋ ਘੰਟਿਆਂ ਦਾ ਵਾਧੂ ਪਲਾਨਿੰਗ ਸਮਾਂ ਅਤੇ 7.5% ਦਾ ਤਨਖਾਹਾਂ ਵਿੱਚ ਵਾਧੇ ਆਦਿ ਸ਼ਾਮਿਲ ਹਨ।
ਸਿੱਖਿਆ ਮੰਤਰੀ -ਸਾਰਾਹ ਮਿਸ਼ੈਲ ਨੇ ਇਸਨੂੰ ਮੰਦਭਾਗਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਠੀਕ ਹੈ ਕਿ ਦੇਸ਼ ਅੰਦਰ ਮਹਿੰਗਾਈ ਜ਼ਿਆਦਾ ਹੈ ਅਤੇ ਹਰ ਆਮ ਅਤੇ ਖਾਸ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਪਰੰਤੂ ਯੂਨੀਅਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀ ਗੱਲ ਮੰਨ ਕੇ ਅਜਿਹੇ ਹੜਤਾਲਾਂ ਵਰਗੇ ਸਖ਼ਤ ਕਦਮ ਨਾ ਚੁੱਕਣ ਕਿਉਂਕਿ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਯੂਨੀਅਨਾਂ ਦੇ ਲੀਡਰਾਂ ਨੂੰ ਪਹਿਲਾਂ ਹੀ ਆਸ਼ਵਾਸਨ ਦਿੱਤਾ ਹੋਇਆ ਹੈ ਕਿ ਉਹ ਆਉਣ ਵਾਲੇ 21 ਜੂਨ ਦੇ ਬਜਟ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਆਦਿ ਵਿੱਚ ਵਾਧੇ ਦਾ ਪ੍ਰਾਵਧਾਨ ਲੈ ਕੇ ਆ ਰਹੇ ਹਨ ਅਤੇ ਇਸ ਵਾਸਤੇ ਅਧਿਆਪਕ ਯੂਨੀਅਨਾਂ ਨੂੰ ਬਜਟ ਦੇ ਐਲਾਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਉਧਰ ਨਿਊ ਸਾਊਥ ਵੇਲਜ਼ ਅਧਿਆਪਕਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਐਂਜਲੋ ਗੈਵਰੀਲੇਟਸ ਦਾ ਕਹਿਣਾ ਹੈ ਕਿ ਬੀਤੇ ਦਹਾਕੇ ਨਾਲੋਂ ਵੀ ਵੱਧ ਸਮੇਂ ਤੋਂ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਵੱਲ ਕਿਸੇ ਵੀ ਸਰਕਾਰ ਵੱਲੋਂ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਅਤੇ ਇਸ ਖ਼ਿਤੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ। ਤਾਂ ਹੀ ਇਸ ਖ਼ਿਤੇ ਵਿੱਚ ਆਮ ਲੋਕਾਂ ਦੀ ਭਰਤੀ ਘੱਟ ਰਹੀ ਹੈ ਕਿਉਂਕਿ ਤਨਖਾਹਾਂ ਘੱਟ ਅਤੇ ਕੰਮ ਜ਼ਿਆਦਾ ਦੇ ਚਲਦਿਆਂ, ਕੋਈ ਵੀ ਇਸ ਖ਼ਿੱਤੇ ਵਿੱਚ ਆ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।

Install Punjabi Akhbar App

Install
×