ਸਿਡਨੀ ਹਾਰਬਰ ਬ੍ਰਿਜ ਰੇਲ ਹੋਵੇਗਾ 10 ਦਿਨਾਂ ਲਈ ਬੰਦ

ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਇੱਕ ਅਹਿਮ ਜਾਣਕਾਰੀ ਵਿੱਚ ਦੱਸਿਆ ਹੈ ਕਿ ਨਵੇਂ ਸਾਲ ਦੀ 1 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਸਿਡਨੀ ਹਾਰਬਰ ਬ੍ਰਿਜ ਉਪਰ, ਉਤਰੀ ਸਿਡਨੀ ਤੋਂ ਵਿਨਯਾਰਡ ਵਿਚਾਲੇ ਟੀ1 ਨਾਰਥ ਸ਼ੋਰ ਅਤੇ ਵੈਸਟਰਨ ਲਾਈਨ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਸਾਰੀਆਂ ਬੱਸਾਂ ਅਤੇ ਰੇਲ ਗੱਡੀਆਂ ਨੂੰ ਦੂਸਰੇ ਰਸਤਿਆਂ ਤੋਂ ਜਾਣਾ ਪਵੇਗਾ ਜਿਸ ਨਾਲ ਤਕਰੀਬਨ ਸਾਰੇ ਹੀ ਸ਼ਡਿਊਲ ਬਦਲਣਗੇ ਪਰੰਤੂ ਟੀ4 ਈਸਟਰਨ ਸਬਅਰਬ ਅਤੇ ਇਲਾਵਾਰਾ ਲਾਈਨ ਉਪਰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਇਸ ਟੀ1 ਰੂਟ ਉਪਰ ਰੇਲ ਟ੍ਰੈਕ ਦਾ ਵੱਡਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਭਾਰੀ ਫੇਰਬਦਲ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਨਾਲ ਹੁਣ 88 ਸਾਲਾਂ ਦੇ ਇਸ ਪੁਰਾਣੇ ਰੂਟ ਦੇ ਨਵੀਨੀਕਰਨ ਨਾਲ ਇਸ ਦੀ ਉਮਰ ਹੁਣ 120 ਸਾਲ ਹੋ ਜਾਵੇਗੀ। ਸਿਡਨੀ ਟ੍ਰੇਨਾਂ ਦੇ ਕਾਰਜਕਾਰੀ ਮੁਖੀ ਸੁਜ਼ੇਨ ਹੋਲਡਨ ਨੇ ਦੱਸਿਆ ਕਿ 10 ਦਿਨਾਂ ਦੇ ਇਸ ਕਾਰਜ ਰਾਹੀਂ ਟ੍ਰੈਕ ਤੇ ਵਿਛੇ ਟਿੰਬਰ ਦੇ ਡੈਕਾਂ ਨੂੰ ਕੰਕਰੀਟ ਦੇ ਡੈਕਾਂ ਵਿੱਚ ਬਦਲਿਆ ਜਾਵੇਗਾ ਅਤੇ ਇਸ ਨਾਲ ਇਨ੍ਹਾਂ ਦੀ ਕਾਰਜਕੁਸ਼ਲਤਾ ਅਤੇ ਕਾਰਜਕਾਲ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਲ ਦੇ ਇਸ ਸੀਜ਼ਨ ਵਿੱਚ ਆਮ ਤੌਰ ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਆਮ ਨਾਲੋਂ 40% ਲੋਕ ਘੱਟ ਸਫ਼ਰ ਕਰਦੇ ਹਨ ਅਤੇ ਇਸੇ ਵਾਸਤੇ ਉਕਤ ਕੰਮ ਵਾਸਤੇ ਇਹ ਦਿਨ ਚੁਣੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪਹਿਲਾਂ ਤੋਂ ਹੀ ਇਸ ਦਾ ਐਲਾਨ ਇਸ ਲਈ ਕੀਤਾ ਗਿਆ ਹੈ ਕਿ ਜਿਹੜੇ ਯਾਤਰੀਆਂ ਨੇ ਇਸ ਦੌਰਾਨ ਆਪਣੀਆਂ ਯਾਤਰਾਵਾਂ ਨੂੰ ਪਲਾਨ ਕਰਨਾ ਹੈ ਉਹ ਇਨ੍ਹਾਂ ਤਾਰੀਖਾਂ ਦੇ ਮੱਦੇਨਜ਼ਰ ਹੀ ਕਰਨ ਤਾਂ ਜੋ ਮੌਕੇ ਉਪਰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Install Punjabi Akhbar App

Install
×