ਨਿਊ ਸਾਊਥ ਵੇਲਜ਼ ਰਾਜ ਵਿੱਚ ਰਾਜ ਸਰਕਾਰ ਨੇ ਇੱਕ ਵਾਰੀ ਫੇਰ ਤੋਂ ਅੰਤਰ-ਰਾਸ਼ਟਰੀ ਯਾਤਰੀਆਂ ਦੇ ਆਗਮਨ ਦੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਐਲਾਨ ਕੀਤਾ ਹੈ ਕਿ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਹੁਣ 72 ਘੰਟਿਆਂ ਵਾਲੇ ਇਕਾਂਤਵਾਸ ਤੋਂ ਵੀ ਰਾਹਤ ਦਿੱਤੀ ਜਾ ਰਹੀ ਹੈ ਅਤੇ ਹੁਣ ਇਸ ਇਕਾਂਤਵਾਸ ਦਾ ਸਮਾਂ ਘਟਾ ਕੇ 24 ਘੰਟਿਆਂ ਦਾ ਕਰ ਦਿੱਤਾ ਗਿਆ ਹੈ। ਹੁਣ ਰਾਜ ਵਿੱਚ ਪਹੁੰਚਣ ਵਾਲੇ ਅਜਿਹੇ ਯਾਤਰੀਆਂ ਨੂੰ 24 ਘੰਟਿਆਂ ਵਿੱਚ ਆਪਣਾ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ ਅਤੇ ਜਦੋਂ ਤੱਕ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ, ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਹੀ ਰਹਿਣਾ ਹੋਵੇਗਾ।
ਇਹ ਬਦਲਾਅ ਬੇਸ਼ੱਕ ਵਿਕਟੌਰੀਆ ਰਾਜ ਵਾਲੇ ਨਿਯਮਾਂ ਦੀ ਤਰਜ ਤੇ ਹੀ ਕੀਤਾ ਗਿਆ ਹੈ ਪਰੰਤੂ ਅਜਿਹੇ ਯਾਤਰੀ ਜਿਨ੍ਹਾਂ ਨੇ ਕਿ ਵੈਕਸੀਨੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਲਈ 24 ਘੰਟਿਆਂ ਲਈ ਕੁਆਰਨਟੀਨ ਹੋਣਾ ਲਾਜ਼ਮੀ ਹੈ।
ਇਸਤੋਂ ਇਲਾਵਾ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਆਪਣੇ ਆਗਮਨ ਦੇ 6ਵੇਂ ਦਿਨ ਮੁੜ ਤੋਂ ਕਰੋਨਾ ਟੈਸਟ ਕਰਵਾਉਣ ਵਾਲੀ ਸ਼ਰਤ ਨੂੰ ਵੀ ਲਾਜ਼ਮੀ ਰੱਖਿਆ ਗਿਆ ਹੈ।
ਅੰਤਰ-ਰਾਸ਼ਟਰੀ ਜਹਾਜ਼ਾਂ ਦੇ ਅਮਲੇ ਲਈ ਨਿਯਮ ਹੈ ਕਿ ਉਹ ਵੀ ਪੂਰਨ ਵੈਕਸੀਨੇਟਿਡ ਹੋਣ ਦੀ ਸੂਰਤ ਵਿੱਚ ਆਪਣਾ ਕਰਨੋ ਟੈਸਟ ਕਰਵਾਉਣ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣ ਅਤੇ ਜਾਂ ਫੇਰ ਉਦੋਂ ਤੱਕ ਜਦੋਂ ਤੱਕ ਉਹ ਆਪਣੀ ਫਲਾਈਟ ਵਿੱਚ ਦੋਬਾਰਾ ਤੋਂ ਵਾਪਿਸ ਨਹੀਂ ਚਲੇ ਜਾਂਦੇ ਹਨ।
ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਲੋਕਾ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਚਾਰ ਦਿਵਾਰੀ ਦੇ ਅੰਦਰਵਾਰ ਦੇ ਇਕੱਠਾਂ ਵਿੱਚ ਜਾਣ ਤੋਂ ਪ੍ਰਹੇਜ਼ ਕਰ ਲਿਆ ਜਾਵੇ ਤਾਂ ਬਿਹਤਰ ਹੈ।