
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੋਵਿਡ-19 ਦੀ ਮਾਰ ਝੇਲ ਰਹੇ ਖਾਣ-ਪੀਣ ਅਤੇ ਮਨੋਰੰਜਨ ਦੇ ਖੇਤਰਾਂ ਨੂੰ ਆਰਥਿਕ ਪੈਕੇਜ ਦੇ ਤਹਿਤ, ਗ੍ਰਾਹਕਾਂ ਨੂੰ ਹੁਣ ਰੈਸਟੋਰੈਂਟਾਂ ਆਦਿ ਵਿਚ ਜਾ ਕੇ ਖਾਣ-ਪੀਣ ਅਤੇ ਮਨੋਰੰਜਕ ਪ੍ਰੋਗਰਾਮਾਂ ਜਾਂ ਸਭਿਚਾਰਕ ਗਤੀਵਿਧੀਆਂ ਦਾ ਹਿੱਸਾ ਬਣਨ ਵਾਸਤੇ 100 ਡਾਲਰ ਤੱਕ ਦੇ ਵਾਊਚਰ ਪ੍ਰਦਾਨ ਕੀਤੇ ਜਾ ਰਹੇ ਹਨ ਤਾਂ ਜੋ ਉਹ ਇਨ੍ਹਾਂ ਵਾਊਚਰਾਂ ਦੇ ਇਸਤੇਮਾਲ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਉਕਤ ਅਦਾਰਿਆਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਮਦਦ ਕਰ ਸਕਣ। ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਹੈ ਕਿ ਸਰਕਾਰ ਨੇ ਆਪਣੇ 2020-21 ਦੇ ਬਜਟ ਅੰਦਰ ਖਾਣ-ਪੀਣ ਅਤੇ ਮਨੋਰੰਜਕ ਅਦਾਰਿਆਂ ਲਈ 500 ਮਿਲੀਅਨ ਡਾਲਰਾਂ ਦਾ ਪਲਾਨ ਰੱਖਿਆ ਹੈ ਅਤੇ ਉਕਤ ਪ੍ਰਾਵਧਾਨ ਵੀ ਇਸੇ ਬਜਟ ਦੇ ਅਧੀਨ ਆਉਂਦਾ ਹੈ। ਇਸ ਪਲਾਨ ਦੇ ਅਧੀਨ ਹਰ ਇੱਕ ਬਾਲਗ ਵਿਅਕਤੀ ਨੂੰ 25 ਡਾਲਰਾਂ ਦੇ ਚਾਰ ਕੂਪਨ ਮਿਲਣਗੇ ਜੋ ਕਿ ਉਕਤ ਵਿਅਕਤੀ ਨੂੰ ਅਜਿਹੇ ਹੀ ਅਦਾਰਿਆਂ ਵਿੱਚ ਖਰਚ ਕਰਨੇ ਪੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੂਪਨ ਨਵੇਂ ਸਾਲ 2021 ਦੇ ਸ਼ੁਰੂ ਵਿੱਚ ਹੀ ਦਿੱਤੇ ਜਾਣਗੇ ਅਤੇ ਇਸ ਦਾ ਟ੍ਰਾਇਲ ਆਉਣ ਵਾਲੇ ਦਿਸੰਬਰ ਦੇ ਮਹੀਨੇ ਵਿੱਚ ਸਿਡਨੀ ਸੀ.ਬੀ.ਡੀ. ਤੋਂ ਕੀਤਾ ਜਾਵੇਗਾ। ਉਪਰੋਕਤ ਚਾਰ ਕੂਪਨਾਂ ਵਿੱਚੋਂ 2 ਤਾਂ ਰੈਸਟੋਰੈਂਟਾਂ ਆਦਿ ਵਿੱਚ ਖਾਣ-ਪੀਣ ਲਈ ਵਰਤੇ ਜਾ ਸਕਣਗੇ ਅਤੇ ਬਾਕੀ ਦੇ ਦੋ ਨੂੰ ਸਿਨੇਮਾ ਘਰਾਂ, ਆਰਟ ਗੈਲਰੀਆਂ, ਐਮਿਊਜ਼ਮੈਂਟ ਪਾਰਕਾਂ, ਚਿੜਿਆ ਘਰਾਂ ਅਤੇ ਜਾਂ ਫੇਰ ਥਿਏਟਰਾਂ ਵਿੱਚ ਇਸਤੇਮਾਲ ਕੀਤਾ ਜਾ ਸਕੇਗਾ। ਉਨ੍ਹਾਂ ਸਮੁੱਚਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਕੋਵਿਡ-19 ਦੌਰਾਨ ਸਿਹਤ ਅਤੇ ਆਰਥਿਕਤਾ ਦੀਆਂ ਸੇਵਾਵਾਂ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਹੁਣ ਤੱਕ 15 ਬਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦਾ ਨਿਵੇਸ਼ ਕਰ ਚੁਕੀ ਹੈ।