ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦਾ ਇੱਕ ਸਥਾਨਕ ਮਾਮਲਾ ਦਰਜ -ਕੁਈਨਜ਼ਲੈਂਡ ਦੇ ਯੁ.ਕੇ. ਸੰਕਰਮਣ ਵਾਲੇ ਮਾਮਲੇ ਤੋਂ ਰਾਜ ਪੂਰੀ ਤਰਾਂ ਸੁਚੇਤ -ਡਾ. ਕੈਰੀ ਚੈਂਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਸਥਾਨਕ ਟ੍ਰਾਂਸਮਿਸ਼ਨ ਦੇ ਤਹਿਤ ਕਰੋਨਾ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਰਕਾਰ ਦੇ ਨਾਲ ਨਾਲ ਸਿਹਤ ਅਧਿਕਾਰੀ ਵੀ ਕੁਈਨਜ਼ਲੈਂਡ ਵਿਚਲੇ ਕੋਵਿਡ ਦੇ ਨਵੇਂ ਸੰਕਰਮਣ ਵਾਲੇ ਮਾਮਲੇ ਤੋਂ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ ਅਤੇ ਇਸ ਦੇ ਬਚਾਉ ਲਈ ਸਾਰਿਆਂ ਨੂੰ ਹੀ ਹਾਈ ਅਲਰਟ ਤੇ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਮਿਲਣ ਵਾਲੇ ਕਰੋਨਾ ਦੇ ਇੱਕ ਮਾਮਲੇ ਦਾ ਸਬੰਧ ਬੈਰਾਲਾ ਕਲਸਟਰ ਨਾਲ ਜੁੜਿਆ ਹੈ ਅਤੇ ਇਸ ਤਰ੍ਹਾਂ ਇਸ ਕਲਸਟਰ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 21 ਹੋ ਗਈ ਹੈ। ਇਸਤੋਂ ਇਲਾਵਾ ਹੋਟਲ ਕੁਆਰਨਟੀਨ ਵਿੱਚ ਵੀ ਕਰੋਨਾ ਦੇ 5 ਨਵੇਂ ਮਾਮਲੇ ਆਏ ਹਨ। ਰਾਜ ਅੰਦਰ ਇਸੇ ਸਮੇਂ ਦੌਰਾਨ 25,000 ਤੋਂ ਵੀ ਜ਼ਿਆਦਾ ਕਰੋਨਾ ਟੈਸਟ ਕੀਤੇ ਗਏ ਹਨ। ਕਾਰਜਕਾਰੀ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਵੀ ਦੱਸਿਆ ਹੈ ਕਿ ਰਾਜ ਸਰਕਾਰ ਅਤੇ ਅਧਿਕਾਰੀ ਪੂਰੀ ਤਰ੍ਹਾਂ ਨਾਲ ਕੁਈਨਜ਼ਲੈਂਡ ਦੇ ਅਧਿਕਾਰੀਆਂ ਦੇ ਸਿੱਧੇ ਸੰਪਰਕ ਵਿੱਚ ਹਨ ਅਤੇ ਆਂਕੜਿਆਂ ਉਪਰ ਨਜ਼ਰ ਬਣਾਈ ਬੈਠੇ ਹਨ -ਪਰੰਤੂ ਹਾਲ ਦੀ ਘੜੀ ਬਾਰਡਰਾਂ ਉਪਰ ਜ਼ਿਆਦਾ ਸਖ਼ਤੀ ਦਾ ਵਿਚਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਵਾਲੇ ਕਰੋਨਾ ਦੇ ਨਵੇਂ ਸੰਕਰਮਣ ਦੇ ਮਾਮਲੇ ਕਾਰਨ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਕੁੱਝ ਰਾਜਾਂ ਜਿਵੇਂ ਕਿ ਨਿਊ ਸਾਊਥ ਵੇਲਜ਼, ਪੱਛਮੀ-ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਆਦਿ ਵਿੱਚ ਅੱਧੀ ਕਰਨ ਤੇ ਵੀ ਬੇਬਸ ਹੋਣਾ ਪਿਆ ਹੈ ਅਤੇ ਇਹ ਨਿਯਮ ਲਾਗੂ ਕਰ ਵੀ ਦਿੱਤਾ ਗਿਆ ਹੈ।

Install Punjabi Akhbar App

Install
×