
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ 23,736 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 3 ਨਵੇਂ ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਕਿ 2 ਤਾਂ ਬੈਰਾਲਾ ਕਲਸਟਰ ਨਾਲ ਸਬੰਧਤ ਹਨ ਅਤੇ ਇੱਕ ਦੀ ਕੜੀ ਐਵਲਨ ਕਲਸਟਰ ਨਾਲ ਜੁੜੀ ਹੈ। ਅੱਜ ਐਤਵਾਰ ਨੂੰ ਸਵੇਰੇ ਦੇ ਸਮੇਂ ਤੋਂ ਹੀ ਸਿਡਨੀ ਦੇ ਉਤਰੀ ਬੀਚਾਂ ਉਪਰ ਲਗਾਇਆ ਗਿਆ ਲਾਕਡਾਊਨ -ਜੋ ਕਿ ਕ੍ਰਿਸਮਿਸ ਦੇ ਤਿਉਹਾਰ ਤੋਂ ਪਹਿਲਾਂ ਲਗਾਇਆ ਗਿਆ ਸੀ, ਵੀ ਚੁੱਕ ਲਿਆ ਗਿਆ ਹੈ। ਇਸ ਤੋਂ ਇਲਾਵਾ ਹੋਟਲ ਕੁਆਰਨਟੀਨ ਵਿੱਚ ਵੀ 3 ਮਾਮਲੇ ਦਰਜ ਹੋਏ ਹਨ। ਰਾਜ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਨਤਕ ਤੌਰ ਤੇ ਕਰੋਨਾ ਟੈਸਟਾਂ ਦੀ ਗਿਣਤੀ ਵਿੱਚ ਸੰਤੁਸ਼ਟੀ ਜਤਾਈ ਹੈ ਪਰੰਤੂ ਉਨ੍ਹਾਂ ਕਿਹਾ ਹੈ ਕਿ ਰਾਜ ਅੰਦਰ ਹਾਲੇ ਵੀ ‘ਹਾਈ ਅਲਰਟ’ ਜਾਰੀ ਹੈ ਅਤੇ ਕਰੋਨਾ ਕਿਸ ਰੂਪ ਵਿੱਚ, ਕਿਸ ਸਮੇਂ ਅਤੇ ਕਿਸ ਸਥਾਨ ਤੋਂ ਹਮਲਾ ਕਰ ਦੇਵੇ ਇਸ ਬਾਬਤ ਪੂਰਨ ਰੂਪ ਵਿੱਚ ਚੇਤੰਨ ਰਹਿਣ ਦੀ ਹੀ ਜ਼ਰੂਰਤ ਹੈ ਅਤੇ ਇਸੇ ਵਿੱਚ ਸਭ ਦੀ ਭਲਾਈ ਹੈ। ਉਨ੍ਹਾਂ ਸਿਡਨੀ ਦੇ ਉਤਰੀ ਬੀਚਾਂ ਦੇ ਵਸਨੀਕਾਂ ਨੂੰ ਚੇਤੰਨਤਾ ਅਤੇ ਪੂਰਨ ਕਾਰਗੁਜ਼ਾਰੀ ਅਧੀਨ ਲਾਕਡਾਊਨ ਦਾ ਪਾਲਣ ਕਰਨ ਲਈ ਉਚੇਚੇ ਤੌਰ ਤੇ ਵਧਾਈ ਵੀ ਦਿੱਤੀ ਹੈ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਅਗਲੇ 14 ਦਿਨਾਂ ਤੱਕ ਰਾਜ ਅੰਦਰ ਜਨਤਕ ਤੌਰ ਤੇ ਕਰੋਨਾ ਟੈਸਟਿੰਗ ਦੀ ਦਰ ਨੂੰ ਬਣਾਈ ਰੱਖਣ ਦੀ ਅਪੀਲ ਲੋਕਾਂ ਨੂੰ ਕੀਤੀ ਹੈ।