
‘ਰਿਜਨਲ ਸੀਨੀਅਰਜ਼ ਟ੍ਰੈਵਲ ਕਾਰਡ’ ਜਿਹੜਾ ਕਿ ਵਡੇਰੀ ਉਮਰ ਦੇ ਲੋਕਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਅਤੇ ਚਲਾਇਆ ਜਾ ਰਿਹਾ ਹੈ, ਨਿਊ ਸਾਊਥ ਵੇਲਜ਼ ਸਰਕਾਰ ਨੇ 18 ਜਨਵਰੀ 2021 ਤੋਂ ਇਸ ਦੀ ਮਿਆਦ ਵਿੱਚ ਹੋਰ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ ਅਤੇ ਇਯ ਤਰ੍ਹਾਂ ਇਹ ਕਾਰਡ ਆਪਣੀਆਂ ਸੇਵਾਵਾਂ ਨਿਭਾਉਂਦਾ ਦੂਸਰੇ ਸਾਲ ਵਿੱਚ ਦਾਖਿਲ ਹੋ ਗਿਆ ਹੈ। ਇਸ ਕਾਰਡ ਦੇ ਤਹਿਤ ਵਰਿਸ਼ਟ ਉਮਰ ਦੇ ਨਾਗਰਿਕਾਂ ਨੂੰ 250 ਡਾਲਰ ਤੱਕ ਦਾ ਮਾਲੀ ਲਾਭ ਦਿੱਤਾ ਜਾਂਦਾ ਹੈ ਅਤੇ ਇਸ ਨਾਲ ਉਹ ਰਾਜ ਅੰਦਰ ਆਪਣੀਆਂ ਯਾਤਰਾਵਾਂ ਦੇ ਖਰਚਿਆਂ ਨੂੰ ਭੁਗਤਾ ਸਕਦੇ ਹਨ। ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਦੱਸਿਆ ਇਸ ਹੁਣ ਤੱਕ ਇਸ ਕਾਰਡ ਰਾਹੀਂ 337,000 ਸੀਨੀਅਰ ਸਿਟੀਜ਼ਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਇਹ ਉਦਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਡ ਰਾਹੀਂ ਅਜਿਹੇ ਬਜ਼ੁਰਗਾਂ ਨੂੰ ਲਾਭ ਪਹੁੰਚਦਾ ਹੈ ਜਿਹੜੇ ਕਿ ਰਾਜ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਮੈਟਰੋਪਾਲਿਟਿਨ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨਾਲੋਂ ਆਵਾਜਾਈ ਦੇ ਸਾਧਨ ਵੀ ਘੱਟ ਹੁੰਦੇ ਹਨ ਅਤੇ ਉਨ੍ਹਾਂ ਦੀ ਜੇਬ੍ਹ ਅੰਦਰ ਪੈਸੇ ਵੀ ਘੱਟ ਹੁੰਦੇ ਹਨ। ਇਸ ਕਾਰਡ ਰਾਹੀਂ ਅਜਿਹੇ ਬਜ਼ੁਰਗ ਜਿੱਥੇ, ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੇ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਜਾਂ ਦੋਹਤੇ ਦੋਹਤਆਂ ਨੂੰ ਮਿਲਣ ਵਾਸਤੇ ਆ ਜਾ ਸਕਦੇ ਹਨ -ਉਥੇ ਹੀ, ਇਸ ਦਾ ਇਸਤੇਮਾਲ ਉਹ ਸ਼ਹਿਰਾਂ ਆਦਿ ਵਿੱਚ ਆ ਜਾ ਕੇ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਦੇ ਸਮਾਧਾਨ ਲਈ ਵੀ ਕਰਦੇ ਹਨ। ਵਾਜਿਬ ਲੋੜਵੰਡ ਸੀਨੀਅਰ ਸਿਟੀਜ਼ਨਾਂ ਨੂੰ ਅਪੀਲ ਹੈ ਕਿ ਜਨਵਰੀ ਦੀ 18 ਤਾਰੀਖ ਤੋਂ 30 ਨਵੰਬਰ 2021 ਤੱਕ ਉਹ ਇਸ ਕਾਰਡ ਲਈ ਅਪਲਾਈ ਕਰ ਸਕਦੇ ਹਨ ਅਤੇ ਇਸ ਕਾਰਡ ਨਾਲ ਹੁਣ ਪੈਟਰੋਲ-ਡੀਜ਼ਲ ਆਦਿ ਵੀ ਪੁਆਇਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਟੈਕਸੀ ਅਤੇ ਰੇਲ ਸੇਵਾਵਾਂ ਲਈ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ service.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ 13 77 88 ਉਪਰ ਕਾਲ ਕੀਤੀ ਜਾ ਸਕਦੀ ਹੈ।