ਨਿਊ ਸਾਊਥ ਵੇਲਜ਼ ਅੰਦਰ ਕੋਵਿਡ-19 ਦੇ 7 ਨਵੇਂ ਮਾਮਲੇ ਦਰਜ -ਸਿਡਨੀ ਦੇ ਲੋਕਾਂ ਨੂੰ ਕ੍ਰਿਸਮਿਸ ਮੌਕੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡਿਜ਼ ਬਰਜਿਕਲਿਅਨ ਨੇ ਕ੍ਰਿਸਮਿਸ ਮੌਕੇ ਤੇ ਸਿਡਨੀ ਨਿਵਾਸੀਆਂ ਨੂੰ ਬਹੁਤ ਜ਼ਰੂਰੀ ਹੋਣ ਤੇ ਹੀ ਘਰਾਂ ਅੰਦਰੋਂ ਬਾਹਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 7 ਨਵੇਂ ਮਾਮਲੇ ਦਰਜ ਹੋਣ ਕਾਰਨ, ਮੌਜੂਦਾ ਸਮੇਂ ਕੁੱਲ ਕਰੋਨਾ ਦੇ ਮਾਮਲਿਆਂ ਦੀ ਗਿਣਤੀ 110 ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੇ ਹੀ ਨਵੇਂ ਮਾਮਲੇ ਸਿਡਨੀ ਦੇ ਉਤਰੀ ਬੀਚਾਂ ਨਾਲ ਸਬੰਧਤ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਸੰਤੁਸ਼ਟੀ ਜਾਹਰ ਕਰਦਿਆਂ ਦੱਸਿਆ ਕਿ ਲੋਕਾਂ ਅੰਦਰ ਜਾਗਰੂਕਤਾ ਹੈ ਅਤੇ ਲੋਕ ਆਪਣਾ ਕਰੋਨਾ ਟੈਸਟ ਕਰਵਾਉਣ ਵਾਸਤੇ ਖੁਦ-ਬ-ਖੁਦ ਅੱਗੇ ਆ ਰਹੇ ਹਨ ਅਤੇ ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਵੀਰਵਾਰ ਰਾਤ ਦੇ 8 ਵਜੇ ਤੱਕ ਬੀਤੇ 24 ਘੰਟਿਆਂ ਦੌਰਾਨ 69,800 ਟੈਸਟ ਕੀਤੇ ਗਏ ਹਨ। ਸਹਿਤ ਅਧਿਕਾਰੀ ਹੁਣ ਇਸ ਗੱਲ ਦੀ ਪੜਤਾਲ ਕਰਨ ਵਿੱਚ ਲੱਗੇ ਹੋਏ ਹਨ ਕਿ ਆਖਿਰ ਇਸ ਕਰੋਨਾ ਕਲਸਟਰ ਦਾ ਮੁੱਢ ਕਿੱਥੋਂ ਬੱਝਿਆ ਅਤੇ ਵਾਇਰਸ ਕਿੱਥੋਂ ਅਤੇ ਕਿਵੇਂ ਮੁੜ ਤੋਂ ਉਜਾਗਰ ਹੋਇਆ। ਇਸ ਦਾ ਮੁੱਢ ਵੈਸੇ ਤਾਂ ਅੰਤਰ-ਰਾਸ਼ਟਰੀ ਹੋਣ ਦੇ ਅੰਦਾਜ਼ੇ ਕਈ ਲਗਾਏ ਜਾ ਰਹੇ ਹਨ ਪਰੰਤੂ ਠੋਸ ਪ੍ਰਮਾਣ ਕਰਨਾ ਅਜੇ ਬਾਕੀ ਹੈ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਪੂਰਨ ਤੌਰ ਤੇ ਕ੍ਰਿਸਮਿਸ ਮੌਕੇ ਦੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ ਅਤੇ ਸਬੰਧਤ ਮਹਿਕਮੇ ਕਿਸੇ ਵੀ ਸੂਰਤ ਜਾਂ ਆਪਾਤਕਾਲੀਨ ਸਥਿਤੀਆਂ ਲਈ ਤਿਆਰ ਬਰ ਤਿਆਰ ਹਨ ਪਰੰਤੂ ਉਹ ਲੋਕਾਂ ਨੂੰ ਮੁੜ ਤੋਂ ਅਪੀਲ ਕਰਦੇ ਹਨ ਕਿ ਸੀਮਿਤ ਅਤੇ ਜ਼ਰੂਰੀ ਕੰਮਾਂ ਵਾਸਤੇ ਹੀ ਆਪਣੇ ਘਰਾਂ ਵਿੱਚੋਂ ਨਿਕਲੋ ਅਤੇ ਫਜ਼ੂਲ ਦੀ ਭੀੜ ਨਾ ਬਣੋ। ਤਿਉਹਾਰ ਸੀਮਿਤ ਦਾਇਰੇ ਵਿੱਚ ਜਾਂ ਘਰਾਂ ਅੰਦਰ ਰਹਿ ਕੇ ਵੀ ਮਨਾਏ ਜਾ ਸਕਦੇ ਹਨ ਪਰੰਤੂ ਸਿਹਤ ਅਤੇ ਤੰਦਰੁਸਤੀ ਹਰ ਹਾਲ ਵਿੱਚ ਜ਼ਰੂਰੀ ਹੈ।

Install Punjabi Akhbar App

Install
×