
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਰਾਜ ਅੰਦਰ ਸਿਹਤ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ, ਸਥਾਨਕ ਟ੍ਰਾਂਸਮਿਸ਼ਨ ਦੇ ਕੋਵਿਡ-19 ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਅਤੇ 3 ਹੋਰ ਹੋਟਲ ਕੁਆਰਨਟੀਨ ਨਾਲ ਸਬੰਧਤ ਮਾਮਲੇ ਵੀ ਦਰਜ ਹੋਏ ਹਨ। ੳਕਤ ਇੱਕ ਮਾਮਲਾ ਤਿੰਨ ਦਿਨਾਂ ਦੇ ਵਿਰਾਮ ਤੋਂ ਬਾਅਦ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਿਕ ਉਕਤ ਮਾਮਲਾ ਓਰਾਨ ਪਾਰਕ ਕਲਸਟਰ ਨਾਲ ਜੁੜਦਾ ਹੈ ਅਤੇ ਉਸ ਨੂੰ ਸੈਲਫ- ਆਈਸੋਲੇਟ ਕਰ ਦਿੱਤਾ ਗਿਆ ਹੈ। ਸਿਡਨੀ ਦੇ ਓਰਾਨ ਪਾਰਕ ਨਾਲ ਸਬੰਧਤ ਹੁਣ ਇਸ ਵੇਲੇ 23 ਕੁੱਲ ਮਾਮਲੇ ਹਨ। ਬੀਤੇ ਅੱਤਵਾਰ ਨੂੰ ਰਾਤ ਦੇ 8 ਵਜੇ ਤੱਕ 7447 ਕਰੋਨਾ ਦੇ ਟੈਸਟ ਕੀਤੇ ਗਏ ਜਿਹੜੇ ਕਿ ਇਸ ਤੋਂ ਪਹਿਲੇ ਦਿਨ, ਸ਼ਨੀਵਾਰ ਦੀ 12465 ਦੀ ਗਿਣਤੀ ਨਾਲੋਂ ਕਾਫੀ ਘੱਟ ਹਨ। ਅਧਿਕਾਰੀ ਲਗਾਤਾਰ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਵਾਸਤੇ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ। ਮੌਜੂਦਾ ਸਮੇਂ ਅੰਦਰ ਰਾਜ ਵਿੱਚ ਕੁੱਲ 80 ਕਰੋਨਾ ਦੇ ਮਰੀਜ਼ ਜ਼ੇਰੇ ਇਲਾਜ ਹਨ ਪਰੰਤੂ ਕੋਈ ਵੀ ਆਈ.ਸੀ.ਯੂ. ਵਿੱਚ ਨਹੀਂ ਹੈ।