ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ -ਦੋ ਮਾਮਲੇ ਹੋਟਲ ਕੁਆਰਨਟੀਨ ਦੇ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਅੰਦਰ ਲਗਾਤਾਰ 27ਵੇਂ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਸਥਿਤੀਆਂ ਕਾਬੂ ਵਿੱਚ ਹੀ ਮੰਨੀਆਂ ਜਾ ਰਹੀਆਂ ਹਨ ਪਰੰਤੂ ਦੋ ਨਵੇਂ ਕਰੋਨਾ ਦੇ ਮਾਮਲੇ ਹੋਟਲ ਕੁਆਰਨਟੀਨ ਵਿੱਚ ਆਏ ਹਨ। ਬੀਤੀ ਰਾਤ 8 ਵਜੇ ਤੱਕ 13,088 ਕਰੋਨਾ ਟੈਸਟ ਕੀਤੇ ਗਏ ਜਦੋਂ ਕਿ ਇਸ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਟੈਸਟਾਂ ਦੀ ਗਿਣਤੀ 14,518 ਸੀ। ਰਾਜ ਦੇ ਸਿਹਤ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਸੀਂ ਵਿਕਟੋਰੀਆ ਵਿਚਲੇ ਕਰੋਨਾ ਦੇ ਆਂਕੜਿਆਂ ਅਤੇ ਸਥਿਤੀਆਂ ਉਪਰ ਪੂਰਨ ਤੌਰ ਤੇ ਨਜ਼ਰਾਂ ਬਣਾ ਕੇ ਬੈਠੇ ਹਾਂ ਅਤੇ ਪਲ-ਪਲ ਦੀ ਖ਼ਬਰ ਰੱਖੀ ਜਾ ਰਹੀ ਹੈ ਅਤੇ ਮੁਕੰਮਲ ਤੌਰ ਤੇ ਸਥਿਤੀਆਂ ਨੂੰ ਵਾਚਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਰਾਜ ਅੰਦਰ ਭਾਰੀ ਗਿਣਤੀ ਵਿੱਚ ਕਰੋਨਾ ਦੇ ਟੈਸਟਾਂ ਨੂੰ ਕਰਨਾ ਰਾਜ ਸਰਕਾਰ ਦਾ ਟੀਚਾ ਰਿਹਾ ਹੈ ਅਤੇ ਇਸ ਵਾਸਤੇ ਲੋਕਾਂ ਨੂੰ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜੇਕਰ ਭਾਵੇਂ ਥੋੜ੍ਹੇ ਜਿਹੇ ਕਿਸੇ ਕਿਸਮ ਦੇ ਲੱਛਣ ਆਦਿ ਨੂੰ ਮਹਿਸੂਸ ਕਰਨ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਰਾਜ ਅੰਦਰ ਜਨਤਕ ਭਲਾਈ ਵਿੱਚ ਆਪਣਾ ਯੋਗਦਾਨ ਪਾਉਣ। ਅਜਿਹੀਆਂ ਸਥਿਤੀਆਂ ਵਿੱਚ ਕਿਸੇ ਕਿਸਮ ਦੀ ਥੋੜ੍ਹੀ ਜਿਹੀ ਦੇਰੀ ਵੀ ਗੰਭੀਰ ਸਿੱਟਿਆਂ ਦਾ ਕਾਰਨ ਬਣ ਸਕਦੀ ਹੈ ਅਤੇ ਇਨ੍ਹਾਂ ਸਥਿਤੀਆਂ ਵਿੱਚ ਟੈਸਟ ਕਰਵਾਉਣ ਵਾਲੇ ਵਿਅਕਤੀ ਆਪਣੇ ਆਪ ਨੂੰ ਉਦੋਂ ਤੱਕ ਆਈਸੋਲੇਟ ਕਰਨ ਜਦੋਂ ਤੱਕ ਕਿ ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਨੈਗੇਟਿਵ ਨਹੀਂ ਆ ਜਾਂਦੇ।

Install Punjabi Akhbar App

Install
×