ਨਿਊ ਸਾਊਥ ਵੇਲਜ਼ ਵਿਚਲਾ ਬਲਿਊ ਫੈਸਟ ਰੱਦ ਨਹੀਂ ਸਗੋਂ ਇਸਨੂੰ ਕੀਤਾ ਗਿਆ ਮੁਅੱਤਲ -ਗਲੈਡੀਜ਼ ਬਰਜਿਕਲੀਅਨ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਬੇਰਨ ਬੇਅ ਵਿਚਲੇ ਹੋਣ ਵਾਲੇ ਬਲਿਊ ਫੈਸਟ ਉਪਰ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸਲ ਵਿੱਚ ਉਕਤ ਫੈਸਟ ਨੂੰ ਰੱਦ ਨਹੀਂ ਕੀਤਾ ਗਿਆ ਹੈ ਪਰੰਤੂ ਹਾਲ ਦੀ ਘੜੀ ਸਥਿਤੀਆਂ ਅਤੇ ਆਂਕੜਿਆਂ ਨੂੰ ਵਾਚਦਿਆਂ ਅਗਲੇਰੀ ਕਾਰਵਾਈ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਅਸਲ ਵਿੱਚ ਬੇਰਨ ਬੇਅ ਖੇਤਰ ਵਿੱਚ ਕੁਈਨਜ਼ਲੈਂਡ ਦੇ ਇੱਕ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਹੋਣ ਕਾਰਨ ਇਹ ਅਹਿਤਿਆਦਨ ਇਹ ਮੁਅੱਤਲੀ ਕਰਨੀ ਪਈ ਹੈ ਕਿਉਂਕਿ ਉਕਤ ਵਿਅਕਤੀ ਨੇ ਬੇਰਨਬੇਅ ਵਿੱਖੇ ਇੱਕ ਬੈਚਲਰ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਉਥੇ ਕਿਸੇ ਨੂੰ ਵੀ, ਸਮੇਤ ਉਕਤ ਵਿਅਕਤੀ ਦੇ, ਪਤਾ ਨਹੀਂ ਸੀ ਕਿ ਉਹ ਅਸਲ ਵਿੰਚ ਕਰੋਨਾ ਵਾਇਰਸ ਨਾਲ ਪੀੜਿਤ ਹੈ।
ਉਨ੍ਹਾਂ ਕਿਹਾ ਕਿ ਸਭ ਜਾਣਦੇ ਹਨ ਕਿ ਬਲਿਊ ਫੈਸਟ, ਸਥਾਨਕ ਲੋਕਾਂ ਅਤੇ ਟੂਰਿਸਟਾਂ ਵਾਸਤੇ ਬਹੁਤ ਜ਼ਿਆਦਾ ਆਕਰਸ਼ਕ ਹੁੰਦਾ ਹੈ ਪਰੰਤੂ ਸਿਹਤ ਮੰਤਰੀ ਬਰੈਡ ਹੈਜ਼ਰਡ ਵੱਲੋਂ ਲਿਆ ਗਿਆ ਫੈਸਲਾ ਜਨਹਿਤ ਵਿੱਚ ਹੀ ਹੈ ਅਤੇ ਸਭ ਦੀ ਭਲਾਈ ਲਈ ਹੈ।
ਵੈਸੇ ਬੇਰਨ ਸ਼ਾਇਰ ਦੇ ਮੇਅਰ ਸਾਈਮਨ ਰਿਚਰਡਸਨ ਨੇ ਇਸ ਬਾਬਤ ਕਿਹਾ ਸੀ ਕਿ ਉਹ ਇਸ ਫੈਸਲੇ ਤੋਂ ਦੁਖੀ ਹਨ ਕਿਉਂਕਿ ਇਹ ਫੈਸਟ ਸਥਾਨਕ ਲੋਕਾਂ ਦੀ ਨਾ ਸਿਰਫ ਰੂਹ ਨਾਲ ਜੁੜਿਆ ਹੈ, ਸਗੋਂ ਇੱਥੋਂ ਦੇ ਬਹੁਤ ਸਾਰੇ ਲੋਕਾਂ ਵਾਸਤੇ ਰੌਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਵਾਸਤੇ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜੇਕਰ ਇਸ ਫੈਸਟ ਨੂੰ ਮੁਲਤੱਵੀ ਕੀਤਾ ਗਿਆ ਹੈ ਤਾਂ ਇਸ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਤੋਂ ਜਲਦੀ ਕੀਤਾ ਜਾਵੇ।

Install Punjabi Akhbar App

Install
×