ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ ਪਰੰਤੂ ਸੁਰੱਖਿਆ ਗਾਰਡ ਵਾਲੇ ਮਾਮਲੇ ਦੀ ਪੜਤਾਲ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ੱਕ ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦਾ ਕੋਈ ਵੀ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਪਰੰਤੂ ਅਧਿਕਾਰੀ ਸਿਡਨੀ ਕੁਆਰਨਟਟੀਨ ਹੋਟਲ ਦੇ ਸੁਰੱਖਿਆ ਗਾਰਡ (47 ਸਾਲਾਂ ਦੇ) ਵਾਲੇ ਮਾਮਲੇ ਦੀ ਪੜਤਾਲ ਵਿੱਚ ਲਗਾਤਾਰ ਲੱਗੇ ਹੋਏ ਹਨ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਸ਼ੁਕਰ ਹੈ ਕਿ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਹੋ ਰਿਹਾ ਹੈ ਅਤੇ ਲੋਕਾਂ ਦਾ ਧੰਨਵਾਦ ਵੀ ਹੈ ਕਿ ਬੀਤੇ ਹਫ਼ਤੇ ਦੇ ਅਖੀਰ ਵਿੱਚ 8000 ਤੋਂ ਵੀ ਵੱਧ ਲੋਕਾਂ ਨੇ ਆਪਣੇ ਕਰੋਨਾ ਟੈਸਟ ਕਰਵਾਏ ਅਤੇ ਇਸ ਨਾਲ ਪਤਾ ਚਲਦਾ ਹੈ ਕਿ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਆ ਚੁਕੀ ਹੈ ਅਤੇ ਇਸ ਕਾਰਨ ਹੀ ਰਾਜ ਅੰਦਰ ਕਰੋਨਾ ਨਾਲ ਲੜਾਈ ਨੂੰ ਸੁਚਾਰੂ ਰੂਪ ਪ੍ਰਦਾਨ ਹੋ ਰਿਹਾ ਹੈ।
ਮੁੱਖ ਸਿਹਤ ਅਧਿਕਾਰੀ ਕੈਰੀ ਚਾਂਟ ਦਾ ਕਹਿਣਾ ਹੈ ਕਿ ਸਿਡਨੀ ਦੇ ਕੁਆਰਨਟੀਨ ਹੋਟਲ ਵਾਲੇ ਮਾਮਲੇ ਵਿੱਚ ਸੀ.ਸੀ.ਟੀ.ਪੀ. ਫੂਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ 6 ਮਾਰਚ ਵਿਚਲੀਆਂ ਸੁਰੱਖਿਆ ਗਾਰਡ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਵਾਚਿਆ ਜਾ ਰਿਹਾ ਹੈ।
ਅਧਿਕਾਰੀ ਦੋਹਾਂ ਥਾਵਾਂ ਉਪਰ (ਸੋਫੀਟੇਨ ਵੈਂਟਵਰਥ ਅਤੇ ਹੇਅਮਾਰਕਿਟ ਵਿਚਲੇ ਮਾਂਤਰਾ ਹੋਟਲਾਂ) ਵਿੱਚ ਉਕਤ ਗਾਰਡ ਦੇ ਸਹਿਯੋਗੀ ਕਰਮਚਾਰੀਆਂ ਦਾ ਕਰੋਨਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਹਿਲੀ ਫਾਈਜ਼ਰ ਦੀ ਡੋਜ਼ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਗਾਰਡ ਨੇ ਸਿਡਨੀ ਅਪਾਰਟਮੈਂਟ ਕੰਪਲੈਕਸ ਅੰਦਰ ਵੀ ਡਿਊਟੀ ਦਿੱਤੀ ਸੀ ਪਰੰਤੂ ਕਿਸੇ ਨਾਲ ਉਸ ਦਾ ਸਿੱਧਾ ਸੰਪਰਕ ਨਹੀਂ ਹੋਇਆ ਅਤੇ ਉਸ ਦੁਆਰਾ ਕੀਤੀ ਗਈ ਸ਼ਿਰਕਤ ਦੀ ਪੜਤਾਲ ਦੌਰਾਨ ਹੋਰਨਾਂ ਥਾਵਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਪ੍ਰੀਮੀਅਰ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਕਰੋਨਾ ਵੈਕਸੀਨ ਦੇਣ ਦੇ ਪਹਿਲੇ ਚਰਣ ਦੌਰਾਨ 35,000 ਤੋਂ ਵੱਧ ਲੋਕਾਂ ਨੂੰ ਫਾਈਜ਼ਰ ਅਤੇ 2500 ਦੇ ਕਰੀਬ ਲੋਕਾਂ ਨੂੰ ਐਸਟ੍ਰੇਜੈਨੇਕਾ ਵੈਕਸੀਨ ਦਿੱਤੀ ਗਈ ਹੈ।

Install Punjabi Akhbar App

Install
×