ਨਿਊ ਸਾਊਥ ਵੇਲਜ਼ ਵਿੱਚ ਲਗਾਤਾਰ ਚੌਥੇ ਦਿਨ ਵੀ ਕਰੋਨਾ ਦਾ ਕੋਈ ਮਾਮਲਾ ਦਰਜ ਨਹੀਂ -ਆਈ.ਟੀ. ਦੀ ਗਲਤੀ ਕਾਰਨ ਟੈਸਟਿੰਗ ਆਂਕੜੇ ਵਿੱਚ ਗਿਰਾਵਟ, ਬਾਅਦ ਵਿਚ ਕੀਤੀ ਦਰੁਸਤਗੀ

(ਦ ਏਜ ਮੁਤਾਬਿਕ) ਰਾਜ ਦੇ ਸਿਹਤ ਅਧਿਕਾਰੀ ਡਾ. ਜੈਰੇਮੀ ਮੈਕਅਨਲਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਬੇਸ਼ੱਕ ਹੋਟਲ ਕੁਆਰਨਟੀਨ ਵਿੱਚ ਬੀਤੇ ਦਿਨ 5 ਮਾਮਲੇ ਦਰਜ ਹੋਏ ਹਨ ਅਤੇ ਇਸ ਨਾਲ ਰਾਜ ਵਿਚਲੇ ਕਰੋਨਾ ਮਰੀਜ਼ਾਂ ਦੀ ਕੁੱਲ ਸੰਖਿਆ 4895 ਹੋਈ ਹੈ ਪਰੰਤੁ ਸਮੁੱਚੇ ਰਾਜ ਅੰਦਰ ਲਗਾਤਾਰ ਚੌਥੇ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਦੇ ਇਲਾਵਾ ਆਈ.ਟੀ. ਸੈਕਟਰ ਦੀ ਗਲਤੀ ਕਾਰਨ ਪਹਿਲਾਂ ਕਰੋਨਾ ਟੈਸਟਾਂ ਦੀ ਰਿਪੋਰਟਿੰਗ ਪੀਰੀਅਡ ਦੇ ਦੌਰਾਨ 12,213 ਦੱਸੀ ਗਈ ਸੀ ਉਹ ਅਸਲ ਵਿੱਚ 19,959 ਸੀ ਅਤੇ ਗਲਤੀ ਨਾਲ ਇਸ ਵਿੱਚ 6,000 ਦੇ ਆਂਕੜਿਆਂ ਦੀ ਗਿਰਾਵਟ ਦਰਜ ਹੋ ਗਈ ਸੀ ਅਤੇ ਹੁਣ ਇਸ ਨੂੰ ਦਰਸਤ ਕਰ ਲਿਆ ਗਿਆ ਹੈ। ਹੋਰ ਜਾਣਕਾਰੀ ਵਿਚ ਦਰਸਾਇਆ ਗਿਆ ਹੈ ਕਿ ਸੀਵੇਜ ਟੈਸਟਿੰਗ ਵੀ ਲਗਾਤਾਰ ਜਾਰੀ ਹੈ ਅਤੇ ਉਤਰੀ ਬੀਚਾਂ ਉਪਰ ਵਾਰੀਵੁੱਡ ਅਤੇ ਪੱਛਮੀ ਸਿਡਨੀ ਅੰਦਰ ਬੈਰਾਲਾ ਸੀਵੇਜ ਪਲਾਂਟਾਂ ਦੀ ਟੈਸਟਿੰਗ ਦੌਰਾਨ ਕਰੋਨਾ ਵਾਇਰਸ ਫੈਲਾਉਣ ਵਾਲੇ ਅੰਸ਼ (ਫਰੈਗਮੈਂਟ) ਪਾਏ ਗਏ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਪਣੀ ਸਿਹਤ ਅਤੇ ਆਲ਼ੇ-ਦੁਆਲ਼ੇ ਦਾ ਧਿਆਨ ਰੱਖਣ ਅਤੇ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਜਾਂ ਸੂਚਨਾ ਵਾਸਤੇ ਤੁਰੰਤ ਆਪਣੇ ਨਜ਼ਦੀਕੀ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ। ਡਾ. ਅਨਲਟੀ ਨੇ ਲੋਕਾਂ ਨੂੰ ਸਰਕਾਰ ਦੀ ਅਪੀਲ ਦੁਹਰਾਉਂਦਿਆਂ ਆਪਣੇ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੇ ਟੈਸਟਾਂ ਦਾ ਆਂਕੜਾ 25,000 ਤੋਂ 30,000 ਮਿੱਥਿਆ ਸੀ ਪਰੰਤੂ ਇਹ ਆਂਕੜਾ ਹਾਲੇ ਵੀ ਕਾਫੀ ਦੂਰੀ ਉਪਰ ਦਿਖਾਈ ਦੇ ਰਿਹਾ ਹੈ ਕਿਉਂਕਿ ਹਾਲੇ ਵੀ ਲੋਕ ਆਪਣਾ ਕਰੋਨਾ ਟੈਸਟ ਕਰਵਾਉਣ ਵਿੱਚ ਗੁਰੇਜ਼ ਕਰ ਰਹੇ ਹਨ।

Install Punjabi Akhbar App

Install
×