ਨਿਊ ਸਾਊਥ ਵੇਲਜ਼ ਵਿੱਚ 5 ਕਰੋਨਾ ਦੇ ਨਵੇਂ ਮਾਮਲੇ ਦਰਜ -ਉਤਰੀ ਬੀਚਾਂ ਵਾਲੇ ਕਲਸਟਰ ਦਾ ਆਂਕੜਾ ਵਧਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਸਿਡਨੀ ਦੇ ਉਤਰੀ ਬੀਚਾਂ ਵਾਲੇ ਕਲਸਟਰ ਵਿਚਲੇ ਕਰੋਨਾ ਮਰੀਜ਼ਾਂ ਦਾ ਆਂਕੜਾ ਵਧਿਆ ਹੈ ਅਤੇ ਕਰੋਨਾ ਦੇ 5 ਨਵੇਂ ਮਾਮਲੇ ਦਰਜ ਹੋਣ ਕਾਰਨ ਕੁੱਲ ਨਵੇਂ ਮਾਮਲਿਆਂ ਦੀ ਗਿਣਤੀ 11 ਹੋ ਗਈ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਮਰੀਜ਼ ਆਈ.ਸੀ.ਯੂ. ਵਿੱਚ ਵੀ ਜ਼ੇਰੇ ਇਲਾਜ ਹੈ। ਇਨ੍ਹਾਂ ਨਵੇਂ ਮਾਮਲਿਆਂ ਵਿੱਚ ਇੱਕ ਮਾਮਲਾ ਉਸ ਵਿਅਕਤੀ ਦਾ ਵੀ ਹੈ ਜੋ ਕਿ ਮਾਊਂਟ ਡਰੂਟ ਹਸਪਤਾਲ ਅੰਦਰ ਇਲਾਜ ਵਾਸਤੇ ਗਿਆ ਸੀ ਅਤੇ ਇਸ ਦੇ ਨਾਲ ਹੀ ਇੱਕ ਮਾਮਲਾ ਉਸਦੀ ਪਾਰਟਨਰ ਦਾ ਵੀ ਹੈ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਬੀਤੇ ਕੱਲ੍ਹ, ਸੋਮਵਾਰ ਨੂੰ ਮਹਿਜ਼ 14,700 ਹੀ ਕਰੋਨਾ ਦੇ ਟੈਸਟ ਕੀਤੇ ਗਏ ਅਤੇ ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨਾ-ਕਾਫ਼ੀ ਹਨ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਗਿਣਤੀ ਵਿੱਚ ਆਪਣੇ ਕਰੋਨਾ ਦੇ ਟੈਸਟ ਕਰਵਾਉਣੇ ਪੈਣਗੇ ਕਿਉਂਕਿ ਇਹ ਸਮੁੱਚੀ ਜਨਤਕ ਸਿਹਤ ਦਾ ਮਾਮਲਾ ਹੈ ਅਤੇ ਇਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਹੋਟਲ ਕੁਆਰਨਟੀਨ ਬਾਰੇ ਜਾਣਕਾਰੀ ਵਿੱਚ ਉਨ੍ਹਾਂ ਕਿਹਾ ਕਿ ਇਸੇ ਸਮੇਂ ਦੌਰਾਨ 11 ਮਾਮਲੇ ਦਰਜ ਹੋਏ ਹਨ। ਰਾਜ ਦੇ ਸਿਹਤ ਅਧਿਕਾਰੀ ਹੁਣ ਲੋਕਾਂ ਨੂੰ ਥੋੜ੍ਹੇ ਥੋੜ੍ਹੇ ਲੱਛਣਾਂ -ਜਿਵੇਂ ਕਿ ਨੱਕ ਦਾ ਵਗਣਾ ਜਾਂ ਗਲੇ ਵਿੱਚ ਖਰਾਸ਼ ਹੋਣ ਤੇ ਵੀ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਦੇ ਅਤੇ ਲਗਾਤਾਰ ਅਪੀਲ ਕਰਦੇ ਦਿਖਾਈ ਦੇ ਰਹੇ ਹਨ। ਬੀਤੇ 17 ਦਿਨਾਂ ਦੇ ਕਰੋਨਾ ਚੱਕਰ ਦੇ ਮੱਦੇਨਜ਼ਰ (ਜਨਵਰੀ 3 ਤੋਂ ਜਨਵਰੀ 10 ਤੱਕ) ਹੁਣ ਬਲੈਕਟਾਊਨ ਵਰਕਰਜ਼ ਸਪੋਰਟਸ ਕਲੱਬ ਦੇ ਗਰੈਂਜ ਬਫੇ ਰੈਸਟੌਰੈਂਟ ਵਿੱਚ ਦੁਪਹਿਰ ਭੋਜ ਤੇ ਸ਼ਾਮਿਲ ਲੋਕਾਂ ਲਈ ਵੀ ਨਵੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਆਪਣੇ ਕਰੋਨਾ ਟੈਸਟ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਲੱਬ ਨੂੰ ਬੀਤੇ ਕੱਲ੍ਹ, ਸੋਮਵਾਰ ਨੂੰ ਪੂਰਨ ਸਾਫ-ਸਫਾਈ ਲਈ ਬੰਦ ਵੀ ਕਰ ਦਿੱਤਾ ਗਿਆ ਹੈ।

Install Punjabi Akhbar App

Install
×