
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਦੇ ਉਤਰੀ ਬੀਚਾਂ ਉਪਰ ਫੈਲੇ ਕਰੋਨਾ ਦੇ ਕਲਸਟਰ ਵਿੱਚ ਲਗਾਤਾਰ ਇਜ਼ਾਫ਼ਾ ਜਾਰੀ ਹੈ ਅਤੇ ਇਸ ਨਾਲ ਸਬੰਧਤ 7 ਨਵੇਂ ਮਾਮਲੇ ਅਤੇ ਇੱਕ ਹੋਰ ਨਵਾਂ ਕੋਵਿਡ-19 ਦਾ ਮਾਮਲਾ ਸਥਾਨਕ ਤੌਰ ਤੇ ਦਰਜ ਕੀਤਾ ਗਿਆ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਤਰੀ ਬੀਚਾਂ ਨਾਲ ਸਬੰਧਤ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ ਅਤੇ ਇਸ ਦੌਰਾਨ 44,446 ਲੋਕ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਅੱਗੇ ਆਏ ਹਨ। ਨਵੇਂ ਮਾਮਲਿਆਂ ਵਿੱਚ ਇੱਕ ਸਿਹਤ ਅਧਿਕਾਰੀ ਵੀ ਸ਼ਾਮਿਲ ਹੈ ਜੋ ਕਿ ਕਰੋਨਾ ਦੇ ਮਰੀਜ਼ਾਂ ਨੂੰ ਅੰਤਰ ਰਾਸ਼ਟਰੀ ਏਅਰਪੋਰਟ ਤੋਂ ਹੋਟਲ ਕੁਆਰਨਟੀਨ ਵਿੱਚ ਸ਼ਿਫਟ ਕਰਨ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰੇਟਰ ਸਿਡਨੀ ਵਿੱਚ ਜਿਮ, ਰੈਸਟੌਰੈਂਟ, ਸੁਪਰ ਮਾਰਕਿਟਾਂ, ਅਤੇ ਪੱਬ ਆਦਿ ਵਰਗੀਆਂ ਘੱਟੋ ਘੱਟ 50 ਅਜਿਹੀਆਂ ਥਾਵਾਂ ਹਨ ਜਿੱਥੇ ਕਿ ਕੋਵਿਡ-19 ਦੇ ਮਰੀਜ਼ਾਂ ਦੀ ਸ਼ਿਰਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਅਧਿਕਾਰੀ ਲਗਾਤਾਰ ਲੋਕਾਂ ਨੂੰ ਚਿਤਾਵਨੀਆਂ ਦੇਣ ਵਿੱਚ ਲੱਗੇ ਹਨ ਕਿ ਉਕਤ ਥਾਵਾਂ ਉਪਰ ਜੇਕਰ ਕਿਸੇ ਨੇ ਆਵਾਗਮਨ ਕੀਤਾ ਹੋਵੇ ਤਾਂ ਆਪਣੇ ਸਰੀਰਿਕ ਲੱਛਣਾਂ ਉਪਰ ਗੌਰ ਕਰੇ ਅਤੇ ਕਿਸੇ ਕਿਸਮ ਦੀ ਖਾਸ ਸੂਰਤ ਵਿੱਚ ਤੁਰੰਤ ਮੈਡੀਕਲ ਅਧਿਕਾਰੀਆਂ ਨੂੰ ਸੰਪਰਕ ਕਰੇ। ਕਰੋਨਾ ਦੇ ਨਵੇਂ ਮਾਮਲੇ ਦਰਜ ਹੋਣ ਕਾਰਨ, ਅਧਿਕਾਰੀ ਅਤੇ ਸਰਕਾਰ ਹਾਲੇ ਵੀ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਕ੍ਰਿਸਮਿਸ ਦੀ ਸ਼ਾਮ ਲਈ ਲਾਕਡਾਊਨ ਖੋਲ੍ਹਿਆ ਜਾਵੇ ਕਿ ਨਾ…..। ਹਾਲ ਦੀ ਘੜੀ ਬੁੱਧਵਾਰ ਨੂੰ ਹੋਣ ਵਾਲੇ ਨਵੇਂ ਐਲਾਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।