ਗ੍ਰੇਟਰ ਸਿਡਨੀ ਦਾ ਲਾਕਡਾਊਨ ਰਹੇਗਾ ਸਤੰਬਰ ਦੇ ਅੰਤ ਤੱਕ -ਰਾਜ ਵਿੱਚ ਕਰੋਨਾ ਦੇ 644 ਨਵੇਂ ਮਾਮਲੇ ਦਰਜ, 4 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਰੋਨਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 644 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 4 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਅਤੇ ਅਹਿਤਿਆਦਨ ਗ੍ਰੇਟਰ ਸਿਡਨੀ ਵਿਚਲਾ ਲਾਕਡਾਊਨ ਹੁਣ ਸਤੰਬਰ ਦੇ ਆਖੀਰ ਤੱਕ ਵਧਾਇਆ ਜਾ ਰਿਹਾ ਹੈ।
ਮਰਨ ਵਾਲਿਆਂ ਵਿੱਚ ਦੱਖਣ-ਪੂਰਬੀ ਸਿਡਨੀ ਤੋਂ ਇੱਕ 70ਵਿਆਂ ਸਾਲਾਂ ਦਾ ਵਿਅਕਤੀ, ਪੱਛਮੀ ਸਿਡਨੀ ਤੋਂ 80ਵਿਆਂ ਸਾਲਾਂ ਦਾ ਇੱਕ ਵਿਅਕਤੀ ਜੋ ਕਿ ਕਰਮਵਾਰ ਸੇਂਟ ਜਾਰਜ ਹਸਪਤਾਲ ਅਤੇ ਨੇਪੀਅਨ ਹਸਪਤਾਲ ਵਿੱਖ ਦਮ ਤੋੜ ਗਏ ਸਨ, ਅਤੇ ਇੱਕ 80ਵਿਆਂ ਸਾਲਾਂ ਦੀ ਮਹਿਲਾ ਜੋ ਕਿ ਕੈਂਪਬਲਟਾਊਨ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ, ਆਦਿ ਵੀ ਸ਼ਾਮਿਲ ਹਨ।
16 ਜੂਨ ਤੋਂ ਸ਼ੁਰੂ ਹੋਏ ਇਸ ਕਰੋਨਾ ਦੇ ਹਮਲੇ ਵਿੱਚ ਹੁਣ ਤੱਕ 65 ਲੋਕ ਆਪਣੀ ਜਾਨ ਗੁਆ ਚੁਕੇ ਹਨ ਅਤੇ ਇਸ ਦੇ ਨਾਲ ਹੀ ਜਦੋਂ ਤੋਂ ਇਹ ਬਿਮਾਰੀ ਸ਼ੁਰੂ ਹੋਈ ਹੈ, ਰਾਜ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 121 ਤੱਕ ਪਹੁੰਚ ਗਈ ਹੈ।
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸੈਂਟਰਲ ਕੋਸਟ ਅਤੇ ਸ਼ੈਲ ਹਾਰਬਰ ਖੇਤਰਾਂ ਨੂੰ ਰਿਜਨਲ ਖੇਤਰ ਵਿੱਚ ਪਾਇਆ ਜਾ ਰਿਹਾ ਹੈ ਅਤੇ ਜ਼ਿਕਰਯੋਗ ਹੈ ਕਿ ਰਿਜਨਲ ਖੇਤਰਾਂ ਵਿੱਚਲੇ ਲਾਕਡਾਊਨ ਨੂੰ ਹਾਲ ਦੀ ਘੜੀ, 28 ਅਗਸਤ ਤੱਕ ਹੀ ਰੱਖਿਆ ਗਿਆ ਹੈ।
ਰਾਜ ਅੰਦਰ ਮੌਜੂਦਾ ਸਖ਼ਤੀਆਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਚਾਰ ਦਿਵਾਰੀ ਦੇ ਅੰਦਰਵਾਰ ਅਤੇ ਬਾਹਰਵਾਰ ਮਾਸਕ ਪਾਉਣਾ ਲਾਜ਼ਮੀ ਹੈ; ਪੁਲਿਸ ਅਧਿਕਾਰਾਂ ਅਤੇ ਸਖ਼ਤੀਆਂ ਨੂੰ ਵਧਾਇਆ ਗਿਆ ਹੈ; ਕਰਫਿਊ ਆਦਿ ਦੀਆਂ ਪਾਬੰਧੀਆਂ ਵੀ ਲਾਗੂ ਹਨ ਅਤੇ ਇਸ ਦੇ ਨਾਲ ਹੀ 21 ਅਗਸਤ (ਅੱਜ ਅੱਧੀ ਰਾਤ 12:01) ਤੋਂ ਹੁਣ ਗ੍ਰੇਟਰ ਸਿਡਨੀ ਦੇ ਲੋਕਾਂ ਨੂੰ ਰਾਜ ਦੇ ਰਿਜਨਲ ਖੇਤਰ ਵਿੱਚ ਦਾਖਲ ਹੋਣ ਵਾਸਤੇ ਵੀ ਪਰਮਿਟ ਦੀ ਜ਼ਰੂਰਤ ਵਾਲੇ ਨਿਯਮ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।