ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ 406 ਮਾਮਲੇ ਦਰਜ, ਲਾਕਡਾਊਨ ਖੋਲ੍ਹਣ ਲਈ ਕੀਤੀ ਜਾ ਰਹੀ ਮੀਟਿੰਗ

ਖਾਣ ਪੀਣ ਆਦਿ ਲਈ 25 ਡਾਲਰ ਪ੍ਰਤੀ ਵਿਅਕਤੀ ਦੋ ਹੋਰ ਕੂਪਨ ਸਰਕਾਰ ਵੱਲੋਂ ਹੋ ਰਹੇ ਜਾਰੀ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 406 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 6 ਮੌਤਾਂ ਹੋਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਰਾਜ ਵਿੱਚ ਇਸ ਸਮੇਂ ਕਰੋਨਾ ਦੇ 85133 ਟੈਸਟ ਕੀਤੇ ਗਏ ਹਨ ਅਤੇ 711 ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 143 ਆਈ.ਸੀ.ਯੂ. ਵਿੱਚ ਵੀ ਹਨ।
ਰਾਜ ਸਰਕਾਰ ਵੱਲੋਂ ਆਉਣ ਵਾਲੇ ਦਿਸੰਬਰ ਦੇ ਮਹੀਨੇ ਵਿੱਚ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਲੋਕਾਂ ਨੂੰ ਦੋ ਹੋਰ 25 ਡਾਲਰਾਂ ਦੇ ਪ੍ਰਤੀ ਵਿਅਕਤੀ ਕੂਪਨ ਜਾਰੀ ਕੀਤੇ ਜਾ ਰਹੇ ਹਨ ਜੋ ਕਿ ਖਾਣ ਪੀਣ ਜਾਂ ਮਨੋਰੰਜਨ ਆਦਿ ਲਈ ਵਰਤੇ ਜਾ ਸਕਦੇ ਹਨ। ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਕਿਹਾ ਕਿ ਅਜਿਹੀਆਂ ਸੁਵਿਧਾਵਾਂ ਨਾਲ ਜਿੱਥੇ ਲੋਕ ਲਾਕਡਾਊਨ ਆਦਿ ਤੋਂ ਮਾਨਸਿਕ ਰੂਪ ਵਿੱਚ ਵੀ ਨਿਜਾਤ ਪਾਉਣਗੇ ਉਥੇ ਹੀ ਇਸ ਨਾਲ 4.8 ਮਿਲੀਅਨ ਬਾਲਿਗ ਲੋਕਾਂ ਨੂੰ ਇਸ ਦਾ ਲਾਭ ਪਹੁੰਚੇਗਾ ਅਤੇ ਅਰਥ ਵਿਵਸਥਾ ਵਿੱਚ ਤੇਜ਼ੀ ਆਵੇਗੀ।
ਰਾਜ ਵਿੱਚੋਂ ਲਾਕਡਾਊਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਸਰਕਾਰ ਦੀ ਅੱਜ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਕੀਤੇ ਗਏ ਫੈਸਲਿਆਂ ਆਦਿ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ।

Install Punjabi Akhbar App

Install
×