ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 344 ਨਵੇਂ ਮਾਮਲੇ ਦਰਜ, ਦੋ ਮੌਤਾਂ: ਡੁਬੋ ਖੇਤਰ ਵਿੱਚ ਵੀ ਲਗਿਆ ਲਾਕਡਾਊਨ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 344 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ 65 ਬਾਰੇ ਖ਼ਬਰਾਂ ਹਨ ਕਿ ਉਹ ਆਪਣੇ ਇਨਫੈਕਸ਼ਨ ਦੌਰਾਨ ਬਾਹਰਵਾਰ ਘੁੰਮਦੇ ਰਹੇ ਹਨ। ਇਸ ਦੌਰਾਨ ਡੁਬੋ ਖੇਤਰ ਵਿੱਚ ਵੀ ਇੱਕ ਹਫ਼ਤੇ ਦਾ ਲਾਕਡਾਊਨ ਅੱਜ ਦੁਪਹਿਰ 1 ਵਜੇ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇੱਥੇ ਰਹਿ ਰਹੇ ਲੋਕਾਂ ਅਤੇ ਬੀਤੀ 1 ਅਗਸਤ ਤੋਂ ਇੱਥੇ ਆਵਾਗਮਨ ਕਰਨ ਵਾਲਿਆਂ ਲਈ ਚਿਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਦੋ ਵਿਅਕਤੀਆਂ ਦੇ ਕਰੋਨਾ ਕਾਰਨ ਹੀ ਫੋਤ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਅਤੇ ਇਨ੍ਹਾਂ ਵਿੱਚੋਂ ਇੱਕ 30ਵਿਆਂ ਸਾਲਾਂ ਦਾ ਵਿਅਕਤੀ ਸੀ ਜੋ ਕਿ ਨਾਰਦਰਨ ਸਿਡਨੀ ਦਾ ਰਹਿਣ ਵਾਲਾ ਸੀ ਅਤੇ ਨਾਰਦਰਨ ਬੀਚਿਜ਼ ਹਸਪਤਾਲ ਅੰਦਰ ਜ਼ੇਰੇ ਇਲਾਜ ਸੀ ਅਤੇ ਦੂਸਰਾ ਇੱਕ 90ਵਿਆਂ ਸਾਲਾਂ ਦਾ ਬਜ਼ੁਰਗ ਸੀ ਅਤੇ ਪੱਛਮੀ ਸਿਡਨੀ ਦਾ ਰਹਿਣ ਵਾਲਾ ਸੀ ਅਤੇ ਕੰਕਰਡ ਹਸਪਤਾਲ ਵਿੱਚ ਭਰਤੀ ਸੀ। ਅਤੇ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਦੱਸਿਆ ਕਿ ਉਕਤ ਦੋਹੇਂ ਵਿਅਕਤੀਆਂ ਨੇ ਕਰੋਨਾ ਤੋਂ ਬਚਾਉ ਦਾ ਟੀਕਾ ਨਹੀਂ ਸੀ ਲਗਵਾਇਆ।
ਪ੍ਰੀਮੀਅਰ ਨੇ ਬੇਅਸਾਈਡ, ਬਰਵੁੱਡ ਅਤੇ ਪੱਛਮੀ ਖੇਤਰ ਦੇ ਅੰਦਰੂਨੀ ਇਲਾਕਿਆਂ ਦੇ ਲੋਕਾਂ ਨੂੰ ਹਾਈ ਅਲਰਟ ਜਾਰੀ ਕਰਦਿਆਂ ਚੇਤੰਨ ਰਹਿਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਕਰੋਨਾ ਤੋਂ ਬਚਾਉ ਲਈ ਟੀਕੇ ਦੀਆਂ ਦੋਹੇਂ ਡੋਜ਼ਾਂ ਜ਼ਰੂਰ ਲਗਵਾਉ।

Install Punjabi Akhbar App

Install
×