ਹਰੋ ਰੋਜ਼ ਦੇ ਕਰੋਨਾ ਅਪਡੇਟ ਸਬੰਧੀ ਪ੍ਰੈਸ ਕਾਨਫਰੰਸਾਂ ਬੰਦ
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਅੱਜ ਦੇ ਕਰੋਨਾ ਅਪਡੇਟ ਵਿੱਚ ਐਲਾਨ ਕੀਤਾ ਕਿ ਹੁਣ, ਕੱਲ੍ਹ ਤੋਂ ਪ੍ਰੀਮੀਅਰ ਵੱਲੋਂ ਇਹ ਅਪਡੇਟ ਨਹੀਂ ਕੀਤੇ ਜਾਣਗੇ ਅਤੇ ਅਜਿਹੀਆਂ ਪ੍ਰੈਸ ਕਾਨਫਰੰਸਾਂ ਹੁਣ ਕੁੱਝ ਖਾਸ ਗੱਲਾਂ ਉਪਰ ਹੀ ਨਿਰਭਰ ਹੋਣਗੀਆਂ। ਨਾਲ ਹੀ ਉਨ੍ਹਾਂ ਅੱਜ ਦੇ ਅਪਡੇਟ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1542 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ 9 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀਆਂ ਮੌਤਾਂ ਵੀ ਹੋਈਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਰ ਵਿੱਚ ਇਸ ਸਮੇਂ 76.4% ਲੋਕਾਂ ਨੂੰ ਕੋਵਿਡ-19 ਤੋਂ ਬਚਾਉ ਲਈ ਘੱਟੋ ਘੱਟ ਇੱਕ ਡੋਜ਼ ਦਿੱਤੀ ਜਾ ਚੁਕੀ ਹੈ ਅਤੇ 43.6% ਨੂੰ ਦੋਹੇਂ ਡੋਜ਼ਾਂ ਲੱਗ ਚੁਕੀਆਂ ਹਨ।
ਲਾਕਡਾਊਨ ਪ੍ਰਤੀ ਖੁੱਲ੍ਹ ਲਈ ਉਨ੍ਹਾਂ ਆਪਣੀ ਗੱਲ ਦੁਹਰਾਈ ਕਿ ਜਦੋਂ ਤੱਕ ਰਾਜ ਵਿੱਚ 70% ਜਾਂ ਇਸ ਤੋਂ ਵੱਧ ਲੋਕਾਂ ਨੂੰ ਪੂਰੀ ਵੈਕਸੀਨੇਸ਼ਨ ਦੀ ਡੋਜ਼ ਨਹੀਂ ਦਿੱਤੀ ਜਾਂਦੀ, ਲਾਕਡਾਊਨ ਅਤੇ ਹੋਰ ਨਿਯਮਾਂ ਵਿੱਚ ਬਦਲਾਅ ਹਾਲ ਦੀ ਘੜੀ ਅਸੰਭਵ ਹੀ ਹੈ ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਟੀਚਾ ਛੇਤੀ ਹੀ ਪ੍ਰਾਪਤ ਕਰ ਲਿਆ ਜਾਵੇਗਾ।