ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 319 ਮਾਮਲੇ ਦਰਜ, 5 ਮੌਤਾਂ, ਆਰਮੀਡੇਲ ਵਿੱਚ 7 ਦਿਨਾਂ ਦਾ ਲਾਕਡਾਊਨ ਅੱਜ ਸ਼ਾਮ ਤੋਂ

ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 319 ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ 5 ਜਣਿਆਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਹੋਈ ਹੈ। ਨਵੇਂ ਮਾਮਲਿਆਂ ਵਿੱਚ 194 ਦੇ ਸ੍ਰੋਤਾਂ ਦਾ ਪਤਾ ਹਾਲੇ ਨਹੀਂ ਲੱਗ ਸਕਿਆ ਹੈ ਅਤੇ 83 ਲੋਕ ਸਮਾਜਿਕ ਤੌਰ ਤੇ ਵਿਚਰਦਿਆਂ ਹੋਇਆਂ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ।
ਆਰਮੀਡੇਲ ਖੇਤਰ ਵਿੱਚ ਕਰੋਨਾ ਦੇ ਮਾਮਲਿਆਂ ਦੇ ਲਗਾਤਾਰ ਇਜ਼ਾਫ਼ੇ ਕਾਰਨ, ਅਹਿਤਿਆਦਨ ਅੱਜ ਸ਼ਾਮ ਦੇ 5 ਵਜੇ ਤੋਂ ਅਗਲੇ 7 ਦਿਨਾਂ ਤੱਕ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ ਅਤੇ ਰਾਜ ਦੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਉਕਤ ਖੇਤਰ ਵਿਚਲੇ ਲੋਕਾਂ ਨੂੰ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਕਰੋਨਾ ਤੋਂ ਬਚਾਉ ਦੀਆਂ ਹਦਾਇਤਾਂ ਦਿੱਤੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਮਰਨ ਵਾਲੇ ਲੋਕਾਂ ਦੇ ਹਾਲੇ ਤੱਕ ਕਰੋਨਾ ਤੋਂ ਬਚਾਉ ਦਾ ਕੋਈ ਟੀਕਾ ਨਹੀਂ ਸੀ ਲਗਵਾਇਆ ਅਤੇ ਇਸ ਵਾਸਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਕਰੋਨਾ ਵੈਕਸੀਨ ਲੈਣ ਅਤੇ ਇਸ ਦੀਆਂ ਦੋਨੋਂ ਡੋਜ਼ਾਂ ਲੈਣੀਆਂ ਲਾਜ਼ਮੀ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਰਾਜ ਅੰਦਰ 345 ਲੋਕ ਜੋ ਕਿ ਕੋਵਿਡ-19 ਤੋਂ ਗ੍ਰਸਤ ਹਨ, ਹਸਪਤਾਲਾਂ ਅੰਦਰ ਭਰਤੀ ਹਨ ਅਤੇ ਜ਼ੇਰੇ ਇਲਾਜ ਹਨ ਜਦੋਂ ਕਿ 56 ਲੋਕ ਆਈ.ਸੀ.ਯੂ. ਵਿੱਚ ਹਨ।
ਤਾਜ਼ੇ ਆਂਕੜਿਆਂ ਮੁਤਾਬਿਕ, ਰਾਜ ਅੰਦਰ 50% ਬਾਲਿਗ ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਟੀਕਾ (ਪਹਿਲੀ ਡੋਜ਼) ਲਗਾਇਆ ਜਾ ਚੁਕਿਅ ਹੈ ਅਤੇ 22% ਨੂੰ ਦੋਹੇਂ ਡੋਜ਼ਾਂ ਮਿਲ ਚੁਕੀਆਂ ਹਨ।
ਕਰੋਨਾ ਤੋਂ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਹੈਮਿਲਟਨ ਵਿਚਲੀਆਂ 3, ਸੇਂਟ ਮੇਰੀਜ਼, ਫੋਰੇਸਟ ਲਾਜ ਵਰਗੀਆਂ ਥਾਂਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਪੂਰੀ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਵਾਚਿਆ ਜਾ ਸਕਦਾ ਹੈ।

Install Punjabi Akhbar App

Install
×