ਨਿਊ ਸਾਊਥ ਵੇਲਜ਼ ਸਰਕਾਰ ਗਲੀਆਂ ਵਿੱਚ ਵਿਕ ਰਹੇ ਗ਼ੈਰ-ਕਾਨੂੰਨੀ ‘ਵੈਪਸ’ ਉਪਰ ਸਖ਼ਤ

1 ਮਿਲੀਅਨ ਡਾਲਰ ਦੇ ਵੈਪਸ ਕੀਤੇ ਜ਼ਬਤ

ਨਿਊ ਸਾਊਥ ਵੇਲਜ਼ ਦੇ ਸ਼ਹਿਰਾਂ ਦੀਆਂ ਗਲੀਆਂ ਤੱਕ ਵਿੱਚ ਵੀ ਗ਼ੈਰ-ਕਾਨੂੰਨੀ ਅਜਿਹੇ ਪਦਾਰਥ ਵਿਕ ਰਹੇ ਹਨ ਜੋ ਕਿ ਨਸ਼ਾ ਆਦਿ ਕਰਨ ਦੇ ਕੰਮ ਆਉਂਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਵੀ ਧੜੱਲੇ ਨਾਲ ਕੀਤੀ ਜਾਂਦੀ ਹੈ।
ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ -ਗਲੀਆਂ, ਮੁਹੱਲਿਆਂ, ਕਲੋਨੀਆਂ ਆਦਿ ਦੀਆਂ ਦੁਕਾਨਾਂ ਉਪਰ ਛਾਪੇ ਮਾਰ ਕੇ ਅਜਿਹੇ ਹੀ ਪਦਾਰਥ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਕੀਮਤ 1 ਮਿਲੀਅਨ ਡਾਲਰਾਂ ਤੱਕ ਪਹੁੰਚ ਗਈ ਹੈ। ਸਰਕਾਰ ਦੀ ਮੁਹਿੰਮ ਹਾਲੇ ਵੀ ਜਾਰੀ ਹੈ।
ਰਾਜ ਦੇ ਮੁੱਖ ਸਿਹਤ ਅਧਿਕਾਰੀ -ਡਾ. ਕੈਰੀ ਚੈਂਟ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਹੁਣ ਜੇਕਰ ਕੋਈ ਵੀ ਅਜਿਹੇ ਪਦਾਰਥਾਂ ਨੂੰ ਗ਼ੈਰ-ਕਾਨੂੰਨੀ ਤੌਰ ਤੇ ਵੇਚਦਾ ਫੜ੍ਹਿਆ ਗਿਆ ਤਾਂ ਉਸ ਉਪਰ ਫੌਰਨ ਮੁਕੱਦਮਾ ਦਾਇਰ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਉਕਤ ਨੂੰ ਜੇਲ੍ਹ ਦੀ ਹਵਾ ਵੀ ਖੁਆ ਸਕਦੀ ਹੈ ਅਤੇ ਭਾਰੀ ਜੁਰਮਾਨੇ ਵੀ ਅਦਾ ਕਰਨੇ ਪੈ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਵੈਪਸ ਤਹਿਤ -ਈ ਸਿਗਰਟਾਂ ਅਤੇ ਹੋਰ ਤਰਲ ਪਦਾਰਥ ਆਦਿ ਸ਼ਾਮਿਲ ਹਨ ਅਤੇ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਰਾਜ ਵਿੱਚ ਕਿਸੇ ਕਿਸਮ ਦਾ ਵੀ ਗ਼ੈਰ-ਕਾਨੂੰਨੀ ਨਸ਼ਾ ਵੇਚਣਾ, ਖ੍ਰੀਦਣਾ ਅਤੇ ਸੇਵਨ ਕਰਨਾ ਅਪਰਾਧਾਂ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਹੈ। ਇਹ ਜਿੱਥੇ ਲੋਕਾਂ ਦੀ ਮਿਹਨਤ ਦਾ ਪੈਸਾ ਬਰਬਾਦ ਕਰਦਾ ਹੈ ਉਥੇ ਹੀ ਲੋਕਾਂ ਦੇ ਜੀਵਨ ਲਈ ਵੀ ਬਹੁਤ ਵੱਡਾ ਖ਼ਤਰਾ ਹੈ ਅਤੇ ਇਹੀ ਖ਼ਤਰਾ ਫੇਰ ਸਮਾਜ, ਰਾਜ, ਅਤੇ ਦੇਸ਼ ਦੁਨੀਆਂ ਲਈ ਵੱਡੀਆਂ ਮੁਸੀਬਤਾਂ ਬਣ ਰਿਹਾ ਹੈ। ਤਰਾਸਦੀ ਇਹ ਹੈ ਕਿ ਅਜਿਹੇ ਨਸ਼ਿਆਂ ਵਿੱਚ ਕੋਈ ਉਮਰ ਵਰਗ ਸੀਮਿਤ ਨਹੀਂ ਹੁੰਦਾ ਅਤੇ ਵੱਡੀ ਉਮਰ ਦੇ ਬੰਦਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਵਿੱਚ ਵੀ ਅਜਿਹੇ ਰੁਝਾਨਾਂ ਦਾ ਵਾਧਾ ਹੋ ਰਿਹਾ ਹੈ ਅਤੇ ਇਹ ਬਹੁਤ ਜ਼ਿਆਦਾ ਹਾਨੀਕਾਰਕ ਹੈ।
ਉਕਤ ਕਾਨੂੰਨੀ ਕਾਰਵਾਈ ਦੌਰਾਨ ਦੋਸ਼ੀ ਵਿਅਕਤੀ ਨੂੰ 1650 ਡਾਲਰਾਂ ਦਾ ਜੁਰਮਾਨਾ (ਪ੍ਰਤੀ ਅਪਰਾਧ) ਅਤੇ 6 ਮਹੀਨੇ ਤੱਕ ਦੀ ਜੇਲ੍ਹ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ।

Install Punjabi Akhbar App

Install
×