ਨਿਊ ਸਾਊਥ ਵੇਲਜ਼ ਦੇ ਬਿਜ਼ਨਸ ਅਦਾਰਿਆਂ ਨੂੰ ਰਾਜ ਸਰਕਾਰ ਦਾ ਕਿਊ ਆਰ ਕੋਡ ਡਾਊਨਲੋਡ ਕਰਨ ਦੀ ਅਪੀਲ

ਗ੍ਰਾਹਕ ਸੇਵਾਵਾਂ ਦੇ ਮੰਤਰੀ ਸ੍ਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਵਾਰੀ ਫੇਰ ਤੋਂ ਅਜਿਹੇ ਅਦਾਰਿਆਂ ਨੂੰ, ਜਿੱਥੇ ਕਿ ਲੋਕਾਂ ਦੀ ਆਵਾਜਾਈ ਹੋਣੀ ਹੈ ਅਤੇ ਲੋਕਾਂ ਨੇ ਨਵੇਂ ਸਾਲ ਦੇ ਜਸ਼ਨਾਂ ਲਈ ਆਵਾਗਮਨ ਕਰਨਾ ਹੈ, ਮੁੜ ਤੋਂ ਅਪੀਲ ਕੀਤੀ ਹੈ ਕਿ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਨਿਊ ਸਾਊਥ ਵੇਲਜ਼ ਕਿਊ ਆਰ ਕੋਡ ਨੂੰ ਛੇਤੀ ਤੋਂ ਛੇਤੀ ਡਾਊਨਲੋਡ ਕਰਨ ਅਤੇ ਇਸ ਦੀਆਂ ਸੇਵਾਵਾਂ ਪ੍ਰਤੀ ਜਾਗਰੂਕਤਾ ਦਿਖਾਉਣ। ਸਰਕਾਰ ਇਸ ਕੋਡ ਦਾ ਇਸਤੇਮਾਲ ਆਉਣ ਵਾਲੀ 1 ਜਨਵਰੀ ਤੋਂ ਲਾਜ਼ਮੀ ਤੋਰ ਤੇ ਲਾਗੂ ਕਰਨ ਜਾ ਰਹੀ ਹੈ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਦਾ ਕਹਿਣਾ ਹੈ ਕਿ ਇਹ ਸਿਸਟਮ ਬਿਲਕੁਲ ਮੁਫ਼ਤ ਵਿੱਚ ਉਪਲਭਧ ਹੈ ਅਤੇ ਇਸ ਦੇ ਨਾਲ ਹੀ ਸੁਰੱਖਿਅਤ, ਨਿੱਜਤਾ ਨੂੰ ਬਰਕਰਾਰ ਰੱਖਣ ਵਾਲਾ ਵੀ ਹੈ ਅਤੇ ਇਸ ਦੇ ਇਸਤੇਮਾਲ ਨਾ ਕਰਨ ਦੀ ਸੂਰਤ ਵਿੱਚ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਇੱਕ ਫਾਇਦਾ ਇਹ ਵੀ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਜਾਣਕਾਰੀ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਰਾਹੀਂ ਨਾਲ ਦੀ ਨਾਲ ਹੀ ਪੜਤਾਲ ਕਰਕੇ ਉਸ ਵਿਅਕਤੀ ਦੀ ਅਸਲ ਪਹਿਚਾਣ ਜਾਰੀ ਕੀਤੀ ਜਾ ਸਕਦੀ ਹੈ। ਇਸ ਰਾਹੀਂ ਪ੍ਰਾਪਤ ਹੋਇਆ ਡਾਟਾ ਕੇਵਲ ਅਤੇ ਕੇਵਲ ਨਿਊ ਸਾਊਥ ਵੇਲਜ਼ ਸਰਕਾਰ ਦੇ ਸਿਹਤ ਅਧਿਕਾਰੀਆਂ ਕੋਲ ਹੀ ਸੀਮਿਤ ਹੈ ਅਤੇ ਇਹ 28 ਦਿਨਾਂ ਬਾਅਦ ਨਸ਼ਟ ਵੀ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਗ੍ਰਾਹਕ ਆਦਿ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਉਹ ਦੂਸਰੇ ਤਰੀਕਿਆਂ ਰਾਹੀਂ ਆਪਣਾ ਡਾਟਾ ਪੇਸ਼ ਕਰ ਸਕਦਾ ਹੈ ਅਤੇ ਇਸ ਬਾਬਤ ਜੋ ਵੀ ਨਵੀਂ ਜਾਣਕਾਰੀ ਹੋਵੇਗੀ, ਸਰਕਾਰ ਵੱਲੋਂ ਸਮੇਂ ਸਮੇਂ ਤੇ ਮੁਹੱਈਆ ਕਰਵਾਈ ਜਾਂਦੀ ਰਹੇਗੀ।

Install Punjabi Akhbar App

Install
×