ਵਿਅਕਤੀ ਦੇ ਕਤਲ ਤੋਂ ਬਾਅਦ ਪੁਲਿਸ ਦੀ ਜਨਤਕ ਅਪੀਲ

ਬੀਤੀ ਰਾਤ ਨਿਊ ਕਾਸਲ ਦੇ ਹਮਿਲਟਨ ਟਾਊਨ ਵਿਖੇ, ਫੋਅਲਰ ਸਟ੍ਰੀਟ ਦੇ ਇੱਕ ਘਰ ਸਾਹਮਣੇ ਹੋਏ ਇੱਕ 57 ਸਾਲਾਂ ਦੇ ਵਿਅਕਤੀ ਦੇ ਕਤਲ ਸਬੰਧੀ ਨਿਊ ਸਾਊਥ ਵੇਲਜ਼ ਪੁਲਿਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਬਤ ਕੋਈ ਵੀ ਸੂਚਨਾ ਜਾਂ ਇਤਲਾਹ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਗੁਨਾਹਗਾਰ ਨੂੰ ਜਲਦੀ ਤੋਂ ਜਲਦੀ ਕਟਘਰੇ ਵਿੱਚ ਖੜ੍ਹਾ ਕੀਤਾ ਜਾ ਸਕੇ।
ਬੀਤੀ ਰਾਜ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਆਪਣੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਹੀ ਜ਼ਖ਼ਮੀ ਪਿਆ ਹੈ। ਪੁਲਿਸ ਨੇ ਜਾ ਕੇ ਦੇਖਿਆ ਤਾਂ ਉਸ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ। ਪੁਲਿਸ ਨੇ ਉਸਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਪਰੰਤੂ ਉਹ ਜ਼ਖ਼ਮਾਂ ਦੀ ਤਾਬ ਨਾ ਝੇਲਦਾ ਹੋਇਆ ਇਸ ਦੁਨੀਆਂ ਤੋਂ ਕੂਚ ਕਰ ਗਿਆ।
ਇਸ ਬਾਬਤ ਪੁਲਿਸ ਨੇ ਫੋਅਲਰ, ਹੈਸਲ ਅਤੇ ਡਾਰਲਿੰਗ ਸਟ੍ਰੀਟ ਅਤੇ ਗਲੈਬ ਰੋਡ ਵਿਚਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਵਿੱਚ ਹੋਏ ਕਤਲ ਸਬੰਧੀ ਕੋਈ ਵੀ ਜਾਣਕਾਰੀ ਦੇਣ ਵਾਸਤੇ ਪੁਲਿਸ ਨੂੰ 1800 333 000 ਤੇ ਕਾਲ ਕਰਕੇ ਤੁਰੰਤ ਸੂਚਿਤ ਕਰੋ।

Install Punjabi Akhbar App

Install
×