ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਬਿਨ੍ਹਾਂ ਲਾਈਸੰਸ ਦੇ ਆਤਿਸ਼ਬਾਜ਼ੀ ਕਰਨ ਵਾਲਿਆਂ ਨੂੰ ਚਿਤਾਵਨੀ

(ਮੰਤਰੀ ਕੈਵਿਨ ਐਂਡਰਸਨ)

ਨਵੇਂ ਸਾਲ ਦੀ ਆਮਦ ਬਰੂਹਾਂ ਤੇ ਖੜ੍ਹੀ ਹੈ ਅਤੇ ਇਸੇ ਦਾ ਮੱਦੇਨਜ਼ਰ ਹਰ ਕੋਈ ਆਪਣੇ ਆਪਣੇ ਤਰੀਕਿਆਂ ਨਾਲ ਨਵੇਂ ਸਾਲ ਦੇ ਜਸ਼ਨਾਂ ਦੀ ਤਿਆਰੀ ਵੀ ਕਰਦਾ ਹੈ ਅਤੇ ਇਸ ਵਾਸਤੇ ਖਾਸ ਕਰਕੇ ਆਤਿਸ਼ਬਾਜ਼ੀ ਦਾ ਕਾਫੀ ਜ਼ੋਰ ਵੀ ਰਹਿੰਦਾ ਹੈ ਕਿਉਂਕਿ ਆਤਿਸ਼ਬਾਜ਼ੀ ਹਰ ਸਮਾਰੋਹ ਅਤੇ ਖਾਸ ਕਰਕੇ ਨਵੇਂ ਸਾਲ ਦੇ ਜਸ਼ਨਾਂ ਉਪਰ ਇੱਕ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਆਪਣੀ ਹੈਸੀਅਨ ਮੁਤਾਬਿਕ ਥੋੜ੍ਹਾ ਬਹੁਤ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਲਵੇ ਅਤੇ ਜਦੋਂ ਇਹ ਆਤਿਸ਼ਬਾਜ਼ੀ ਆਪ, ਆਪਣੇ ਹੱਥਾਂ ਨਾਲ ਕੀਤੀ ਜਾਂਦੀ ਹੈ ਤਾਂ ਰੂਹ ਨੂੰ ਜ਼ਿਆਦਾ ਸੁਕੂਨ ਪਹੁੰਚਾਉਂਦੀ ਹੈ। ਇਸ ਬਾਬਤ ਕੁੱਝ ਅਨਸਰ ਅਜਿਹੇ ਵੀ ਹੁੰਦੇ ਹਨ ਜੋ ਕਿ ਅਣ-ਅਧਿਕਾਰਕ ਤੌਰ ਤੇ ਅਜਿਹੀਆਂ ਆਤਿਸ਼ਬਾਜ਼ੀਆਂ ਦਾ ਉਤਪਾਦਨ ਕਰਦੇ ਹਨ ਅਤੇ ਸਸਤੀਆਂ ਕੀਮਤਾਂ ਉਪਰ ਵੇਚਣ ਖਾਤਰ ਇਨ੍ਹਾਂ ਅੰਦਰ ਲੱਗਣ ਵਾਲਾ ਮਟੀਰੀਅਲ ਵੀ ਸਸਤਾ ਹੀ ਲਗਾਉਂਦੇ ਹਨ ਅਤੇ ਕਈ ਅਜਿਹੀਆਂ ਸਸਤੀਆਂ ਅਤੇ ਬਿਨ੍ਹਾਂ ਲਾਇਸੰਸ ਦੇ ਬਣਾਈਆਂ ਗਈਆਂ ਆਤਿਸ਼ਬਾਜ਼ੀ ਦਾ ਸਾਜੋ ਸਾਮਾਨ ਖੁਸ਼ੀਆਂ ਦੇ ਉਲਟ ਜਾ ਕੇ ਦੁਰਘਟਨਾਵਾਂ ਦਾ ਕਾਰਨ ਵੀ ਬਣ ਜਾਂਦਾ ਹੈ ਅਤੇ ਇਸੇ ਦੇ ਮੱਦੇਨਜ਼ਰ ਸਬੰਧਤ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਲੋਕਾਂ ਨੂੰ ਚੇਤੰਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜਦੋਂ ਵੀ ਉਹ ਅਜਿਹਾ ਆਤਿਸ਼ਬਾਜ਼ੀ ਦਾ ਸਾਮਾਨ ਖ੍ਰੀਦਣ ਤਾਂ ਚੰਗੀ ਤਰਾ੍ਹਂ ਦੇਖ ਪਰਖ ਕੇ ਅਤੇ ਵਿਸ਼ਵਾਸ਼ ਯੋਗ ਥਾਵਾਂ ਤੋਂ ਹੀ ਖ੍ਰੀਦਣ ਅਤੇ ਬਿਨ੍ਹਾਂ ਲਾਇਸੰਸ ਤੇ ਬਣਾਈਆਂ ਗਈਆਂ ਅਜਿਹੀਆਂ ਆਤਿਸ਼ਬਾਜ਼ੀਆਂ ਨੂੰ ਬਿਲਕੁਲ ਵੀ ਨਾ ਖ੍ਰੀਦਣ ਤਾਂ ਜੋ ਉਨ੍ਹਾਂ ਦੀਆਂ ਖੁਸ਼ੀਆਂ ਖੇੜ੍ਹੇ ਕਿਤੇ ਦੁਰਘਟਨਾਵਾਂ ਵਿੱਚ ਨਾ ਬਦਲ ਜਾਣ। ਅਜਿਹੀਆਂ ਕਾਰਵਾਈਆਂ ਕਾਰਨ ਫੜ੍ਹੇ ਜਾਣ ਵਾਲੇ ਵਿਅਕਤੀ ਨੂੰ 27,500 ਡਾਲਰਾਂ ਦੀ ਭਾਰੀ ਰਕਮ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਇਸਤੋਂ ਇਲਾਵਾ 12 ਮਹੀਨਿਆਂ ਦੀ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਕੋਈ ਅਜਿਹੀਆਂ ਹੀ ਅਪਰਾਧਿਕ ਕਾਰਵਾਈਆਂ ਸਬੰਧਤ ਸੂਚਨਾ ਦੇਣ ਵਾਸਤੇ 1800 333 000 ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਸੇਫਵਰਕ ਨਿਊ ਸਾਊਥ ਵੇਲਜ਼ ਨੂੰ 13 10 50 ਉਪਰ ਇਤਲਾਹ ਦਿੱਤੀ ਜਾ ਸਕਦੀ ਹੈ ਅਤੇ ਸੇਫਵਰਕ ਦੇ ਵੈਬਸਾਈਟ (https://www.safework.nsw.gov.au/fireworks-display) ਉਪਰ ਵੀ ਸੰਪਰਕ ਸਾਧਿਆ ਜਾ ਸਕਦਾ ਹੈ।

Install Punjabi Akhbar App

Install
×