4:1 ਦਾ ਅਨੁਪਾਤ ਅਤੇ 7% ਤਨਖਾਹ ਦੇ ਇਜ਼ਾਫ਼ੇ ਦੀ ਮੰਗ
ਆਪਣੀਆਂ ਮੰਗਾਂ ਅਤੇ ਨੌਕਰੀ ਦੀ ਸੁਰੱਖਿਆ ਆਦਿ ਨੂੰ ਲੈ ਕੇ, ਨਿਊ ਸਾਊਥ ਵੇਲਜ਼ ਵਿੱਚ ਨਰਸਾਂ ਅਤੇ ਹੋਰ ਮੈਡੀਕਲ ਸਟਾਫ਼ (ਮਿਡਵਾਈਵਸ) ਨੇ ਇਸ ਸਾਲ ਵਿੱਚ ਤੀਸਰੀ ਵਾਰੀ ਹੜਤਾਲ ਦਾ ਸਹਾਰਾ ਲਿਆ ਹੈ ਅਤੇ 24 ਘੰਟਿਆਂ ਵਾਸਤੇ ਉਨ੍ਹਾਂ ਨੇ ਕੰਮ ਤੋਂ ਛੁੱਟੀ ਕੀਤੀ ਹੋਈ ਹੈ ਅਤੇ ਸੜਕਾਂ ਉਪਰ ਪ੍ਰਦਰਸ਼ਨ ਕਰ ਰਹੇ ਹਨ।
ਸਬੰਧਤ ਐਸੋਸਿਏਸ਼ਨ ਦੀ ਮੰਗ ਹੈ ਕਿ ਨਰਸਾਂ ਅਤੇ ਮਰੀਜ਼ਾਂ ਦੇ ਅਨੁਪਾਤ ਨੂੰ ਸੈਟ ਕੀਤਾ ਜਾਵੇ ਅਤੇ 4 ਮਰੀਜ਼ਾਂ ਲਈ 1 ਨਰਸ ਵਾਲਾ ਅਨੁਪਾਤ ਲਾਗੂ ਕੀਤਾ ਜਾਵੇ। ਇਸ ਨਾਲ ਨਰਸਾਂ ਉਪਰ ਵਾਧੂ ਦਾ ਬੋਝ ਨਹੀਂ ਪਵੇਗਾ ਅਤੇ ਮਰੀਜ਼ਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਹੋ ਸਕੇਗੀ।
ਐਸੋਸਿਏਸ਼ਨ ਦੇ ਜਨਰਲ ਸਕੱਤਰ -ਸ਼ਾਈ ਕੈਂਡਿਸ਼ ਦਾ ਕਹਿਣਾ ਹੈ ਕਿ ਇਸ ਸਾਲ ਵਿੱਚ ਇਹ ਤੀਸਰੀ ਵਾਰੀ ਹੜਤਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜ਼ਾਹਿਰ ਹੈ ਕਿ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਹੀ ਨਹੀਂ ਦੇ ਰਹੀ ਹੈ ਅਤੇ ਦਿਨ ਪ੍ਰਤੀ ਦਿਨ ਪ੍ਰੇਸ਼ਾਨੀਆਂ ਵੱਧਦੀਆਂ ਹੀ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੀ ਮੰਗ ਹੈ ਕਿ ਤਨਖਾਹ ਅਤੇ ਹੋਰ ਭੱਤਿਆਂ ਆਦਿ ਵਿੱਚ 7% ਦਾ ਇਜ਼ਾਫ਼ਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਠੀਕ ਚੱਲ ਸਕੇ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ 3% ਦੇ ਇਜ਼ਾਫ਼ੇ ਦੀ ਗੱਲ ਮੰਨੀ ਹੋਈ ਹੈ ਅਤੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਦਾ ਕਹਿਣਾ ਹੈ ਕਿ ਇਹ ਵਾਧਾ ਜਾਇਜ਼ ਹੈ ਪਰੰਤੂ ਐਸੋਸਿਏਸ਼ਨ ਦੀਆਂ ਮੰਗਾਂ ਗਲਤ ਤਰੀਕਿਆਂ ਦੇ ਨਾਲ ਵੱਧਦੀਆਂ ਹੀ ਜਾ ਰਹੀਆਂ ਹਨ।