
ਕੋਵਿਡ-19 ਦੇ ਚਲਦਿਆਂ ਅਤੇ ਪਾਬੰਧੀਆਂ ਵਿੱਚ ਦਿੱਤੀਆਂ ਗਈਆਂ ਰਿਆਇਤਾਂ ਦੋਰਾਨ, ਇਸ ਭਿਆਨਕ ਬਿਮਾਰੀ ਤੋਂ ਬਚਣ ਜਾਂ ਸਥਾਪਿਤ ਵਿਅਕਤੀਆਂ ਦੀ ਟ੍ਰੇਸਿੰਗ ਕਰਨ ਵਾਸਤੇ, ਜਨਤਕ ਥਾਵਾਂ -ਜਿੱਥੇ ਕਿ ਲੋਕਾਂ ਦਾ ਆਮ ਆਉਣਾ, ਜਾਉਣਾ, ਬੈਠਣਾ, ਉਠਣਾ, ਖਾਣਾ ਪੀਣਾ ਲੱਗਿਆ ਰਹਿੰਦਾ ਹੈ, ਲਈ ਸਰਕਾਰ ਨੇ ਕਿਊ ਆਰ ਕੋਡ ਰਾਹੀਂ ਲੋਕਾਂ ਦੇ ਆਵਾਗਮਨ ਦਾ ਸਾਰਾ ਰਿਕਾਰਡ ਰੱਖਣ ਵਾਸਤੇ ਇਲੈਕਟ੍ਰੇਨਿਕ ਪੰਜੀਕਰਣ ਜ਼ਰੂਰੀ ਕੀਤਾ ਹੈ। ਗ੍ਰਾਹਕ ਸੇਵਾਵਾਂ ਦੇ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਅਨੁਸਾਰ, ਇਹ ਬਹੁਤ ਹੀ ਆਸਾਨ ਕਾਰਜ ਹੈ ਅਤੇ ਜ਼ਰੂਰੀ ਇਸ ਵਾਸਤੇ ਹੈ ਕਿ ਅਧਿਕਾਰੀਆਂ ਨੂੰ ਤੁਰੰਤ ਡਾਟਾ ਮਿਲਦਾ ਰਹੇਗਾ ਅਤੇ ਕਿਸੇ ਕਿਸਮ ਦੀ ਆਪਾਤਕਾਲੀਨ ਸਥਿਤੀ ਅੰਦਰ ਸਥਾਨਕ ਜਾਂ ਬਾਹਰੀ ਲੋਕਾਂ ਦੀ ਟ੍ਰੇਸਿੰਗ ਤੁਰੰਤ ਕੀਤੀ ਜਾ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਮੌਜੂਦਾ ਸਮੇਂ ਵਿੱਚ 22,000 ਅਜਿਹੇ ਹੀ ਅਦਾਰਿਆਂ ਵੱਲੋਂ ਇਲੈਕਟ੍ਰਾਨਿਕ ਨਾਮਾਂਕਰਣ ਦੀ ਸਹੂਲਤ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਕੋਵਿਡ-19 ਤੋਂ ਵਧੀਆ ਤਰੀਕਿਆਂ ਦੇ ਨਾਲ ਸੁਰੱਖਿਆ ਮੁਹੱਈਆ ਕਰਨ ਦੇ ਕਦਮ ਚੁੱਕੇ ਜਾ ਰਹੇ ਹਨ। ਸਿਹਤ ਅਧਿਕਾਰੀਆਂ ਵੱਲੋਂ ਇਸ ਤਹਿਤ ਪ੍ਰਾਪਤ ਕੀਤੇ ਗਏ ਆਂਕੜਿਆਂ ਨੂੰ 28 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਜੋ ਲੋੜ ਪੈਣ ਤੇ ਅਜਿਹੇ ਕਿਸੇ ਕਰੋਨਾ ਦੇ ਸਥਾਪਿਤ ਵਿਅਕਤੀ ਨੂੰ ਤੁਰੰਤ ਟ੍ਰੇਸ ਕੀਤਾ ਜਾ ਸਕੇ ਅਤੇ ਲੋੜੀਂਦੇ ਐਕਸ਼ਨ ਲਏ ਜਾ ਸਕਣ। ਇਸ ਨਾਲ ਸਮਾਰਟਫੋਨ ਉਪਰ ਸਿੱਧੀ ਪਹੁੰਚ ਨਹੀਂ ਹੁੰਦੀ ਅਤੇ ਸਿਰਫ ਮੋਬਾਇਲ ਨੰਬਰ ਦੇ ਨਾਲ ਉਕਤ ਵਿਅਕਤੀ ਦਾ ਨਾਮ, ਪਤਾ, ਅਦਾਰੇ ਦਾ ਨਾਮ, ਪਤਾ ਆਦਿ, ਉਕਤ ਕਦੋਂ ਸਥਾਨਕ ਅਦਾਰੇ ਅੰਦਰ ਵੜ੍ਹਿਆ ਅਤੇ ਕਦੋਂ ਬਾਹਰ ਨਿਕਲਿਆ -ਇਸ ਦੀ ਜਾਣਕਾਰੀ ਹੀ ਹੁੰਦੀ ਹੈ। ਅਧਿਕਾਰੀਆਂ ਕੋਲ ਇਹ ਜਾਣਕਾਰੀ ਆਂਕੜਿਆਂ ਦੇ ਰੂਪ ਵਿੱਚ ਪਹੁੰਚ ਜਾਂਦੀ ਹੈ ਅਤੇ ਉਥੇ ਇਹ ਸੁਰੱਖਿਅਤ ਰਹਿੰਦੀ ਹੈ। ਇਸ ਤੋਂ ਬਿਲਕੁਲ ਵੀ ਗੁਰੇਜ਼ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਹਰ ਤਰਫ਼ੋਂ ਸੁਰੱਖਿਅਤ ਹੈ ਅਤੇ ਸਰਕਾਰ ਦੀ ਨਿਗਰਾਨੀ ਹੇਠ ਹੈ।