ਜਿਉਫ ਲੀ ਨੇ ਐਤਵਾਰ ਨੂੰ ਸਿਡਨੀ ਦੀ ਮਸਜਿਦ ਵਿੱਚ ਹੋਈ ਤੋੜ-ਭੰਨ੍ਹ ਦੀ ਕੀਤੀ ਨਿੰਦਾ

ਨਿਊ ਸਾਊਥ ਵੇਲਜ਼ ਦੇ ਸਕਿਲਜ਼ ਅਤੇ ਟੈਰਿਟਰੀ ਐਜੁਕੇਸ਼ਨ ਮੰਤਰੀ ਸ੍ਰੀ ਜਿਉਫ ਲੀ ਨੇ ਜਾਰੀ ਕੀਤੇ ਇੱਕ ਬਿਆਨ ਰਾਹੀਂ, ਬੀਤੇ ਐਤਵਾਰ ਨੂੰ ਇੱਕ ਸਿਰਫਿਰੇ ਨੌਜਵਾਨ ਵੱਲੋਂ ਸਿਡਨੀ ਦੇ ਔਬਰਨ ਖੇਤਰ ਵਿਚਲੀ ਗਲੀਪੋਲੀ ਮਸਜਿਦ ਅੰਦਰ ਭੰਨ੍ਹਤੋਜ਼ ਕਰਨ ਦੇ ਮਾਮਲੇ ਦੀ ਸਖ਼ਤ ਅਲਫ਼ਾਜ਼ ਨਾਲ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਜ਼ਿਆਦਾ ਅਤੇ ਪੂਰਨ ਤੌਰ ਤੇ ਨਿੰਦਣ ਯੋਗ ਹੈ। ਧਾਰਮਿਕ ਸਥਾਨ ਬਹੁਤ ਹੀ ਪਵਿੱਤਰ ਅਤੇ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ ਅਤੇ ਭਾਵੇਂ ਉਹ ਕਿਸੇ ਵੀ ਮਜ਼ਹਬ ਦੇ ਹੋਣ। ਇਹ ਸ਼ਾਂਤੀ ਦੇ ਪ੍ਰਤੀਕ ਹੁੰਦੇ ਹਨ ਅਤੇ ਇੱਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਕੀਤੀ ਗਈ ਉਕਤ ਕਾਰਵਾਈ ਕਿਸੇ ਪਾਸਿਉਂ ਵੀ ਸਹਿਣਸ਼ੀਲ ਨਹੀਂ ਹੈ ਅਤੇ ਸਰਕਾਰ ਅਜਿਹੀਆਂ ਕਾਰਵਾਈਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੀ। ਸਰਕਾਰ ਦੇ ਵੱਲੋਂ ਉਨ੍ਹਾਂ ਨੇ ਇਸ ਪ੍ਰਤੀ ਘੋਰ ਚਿੰਤਾ ਪ੍ਰਗਟਾਈ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਅਜਿਹੀ ਕਾਰਵਾਈ ਭਵਿੱਖ ਵਿੱਚ ਬਿਲਕੁਲ ਵੀ ਹੋਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੇਸ਼ ਅਤੇ ਖਾਸ ਕਰਕੇ ਨਿਊ ਸਾਊਥ ਵੇਲਜ਼ ਰਾਜ ਬਹੁ-ਸਭਿਆਚਾਰਕ ਸਥਾਨ ਹਨ ਅਤੇ ਇੱਥੇ ਹਰ ਤਰ੍ਹਾਂ ਦੇ ਲੋਕਾਂ ਦਾ ਜੀਵਨ-ਯਾਪਨ ਸੁਰੱਖਿਅਤ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਨੇ ਕਿ ਉਕਤ ਮਸਜਿਦ ਵਿੱਚ ਨਮਾਜ਼ ਪੜ੍ਹਨ ਸਮੇਂ 13 ਵੱਡੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਅਤੇ ਇਸ ਦੇ ਨਾਲ ਮਸਜਿਦ ਨੂੰ ਘੱਟੋ ਘਟ 100,000 ਡਾਲਰਾਂ ਦਾ ਨੁਕਸਾਨ ਪਹੁੰਚਾਇਆ ਹੈ। ਉਸ ਵੇਲੇ ਮਸਜਿਦ ਅੰਦਰ ਕੋਈ 20 ਦੇ ਕਰੀਬ ਲੋਕ ਮੌਜੂਦ ਸਨ ਪਰੰਤੂ ਘਟਨਾ ਸਮੇਂ ਜ਼ਿਆਦਾ ਤਰ ਲੋਕ ਉਥੋਂ ਨਾਦਾਰਦ ਵੀ ਹੋ ਗਏ ਸਨ।

Install Punjabi Akhbar App

Install
×