ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ 12 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਰਾਜ ਦੇ ਅਟਾਰਨੀ ਜਨਰਲ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਵਾਲੇ ਵਿਭਾਗਾਂ ਦੇ ਮੰਤਰੀ ਮਾਰਕ ਸਪੀਕਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਅਜਿਹੇ ਮਾਮਲਿਆਂ ਦੀ ਰੋਕਥਾਮ ਅਤੇ ਮੁੜ ਵਸੇਬਿਆਂ ਪ੍ਰਤੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਮਹਿਜ਼ ਵਿਚਾਰ ਹੀ ਨਹੀਂ ਕਰ ਰਹੀ ਸਗੋਂ ਅਜਿਹੇ ਮਾਮਲਿਆਂ ਦੇ ਖ਼ਿਲਾਫ਼ ਲੜਾਈ ਲੜ ਰਹੇ ਅਦਾਰਿਆਂ ਦੀ ਮਦਦ ਲਈ ਵੀ ਜ਼ਰੂਰੀ ਕਦਮ ਪੁੱਟ ਰਹੀ ਹੈ। ਇਸੇ ਦੇ ਤਹਿਤ ਹੁਣ ਸਰਕਾਰ ਨੇ ਅਜਿਹੇ ਮਾਮਲਿਆਂ ਵਿੱਚ ਪੀੜਿਤਾਂ ਨੂੰ ਆਸਰਾ ਦੇਣ ਵਾਲੇ ਅਦਾਰਿਆਂ ਦੀ ਮਦਦ ਲਈ 12 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਇਸ ਫੰਡ ਨਾਲ ਘੱਟੋ ਘੱਟ ਵੀ ਅਜਿਹੇ 100 ਅਦਾਰਿਆਂ ਨੂੰ ਮਦਦ ਮਿਲੇਗੀ ਅਤੇ ਉਨ੍ਹਾਂ ਦੁਆਰਾ ਇਸ ਫੰਡ ਦੀ ਵਰਤੋਂ ਅਜਿਹੇ ਪ੍ਰੋਗਰਾਮਾਂ ਲਈ ਕੀਤੀ ਜਾਣੀ ਹੈ ਜਿਨ੍ਹ ਦੇ ਤਹਿਤ ਸਮਾਜ ਅੰਦਰ ਫੈਲੀਆਂ ਬੁਰਾਈਆਂ ਅਤੇ ਮਰਦਾਂ ਦੀਆਂ ਗਲਤ ਵਿਚਾਰਧਾਰਾਵਾਂ ਨੂੰ ਸਹੀ ਰਾਹ ਦਿਖਾ ਕੇ ਘਰੇਲੂ ਅਤੇ ਸਮਾਜਿਕ ਰਿਸ਼ਤਿਆਂ ਦੀ ਟੁੱਟ ਰਹੀਆਂ ਕੜੀਆਂ ਨੂੰ ਮੁੜ ਤੋਂ ਜੋੜਨ ਅਤੇ ਭਵਿੱਖ ਵਿੱਚ ਫੇਰ ਤੋਂ ਟੁੱਟਣ ਤੋਂ ਬਚਾਉਣਾ ਹੀ ਮੁੱਖ ਟੀਚਾ ਹੋਵੇਗਾ। ਸਰਕਾਰ ਨੇ ਜੋ ਫਰੰਟ-ਲਾਈਨ ਟੀਮਾਂ ਅਤੇ ਸੇਵਾਵਾਂ ਦੇ ਗਠਨ ਕੀਤੇ ਹਨ ਤਾਂ ਅਜਿਹੇ ਪੀੜਿਤ ਲੋਕ ਪੁਲਿਸ ਕੋਲ ਜਾਣ ਤੋਂ ਪਹਿਲਾਂ ਅਜਿਹੇ ਅਦਾਰਿਆਂ ਤੋਂ ਮਦਦ ਲੈ ਸਕਦੇ ਹਨ ਅਤੇ ਆਪਣੀ ਅਤੇ ਹੋਰਨਾਂ ਦੀ ਜਾਨ-ਮਾਲ ਦੀ ਰੱਖਿਆ ਉਚਿਤ ਸਮੇਂ ਤੇ ਕਰ ਸਕਦੇ ਹਨ। ਅੱਜ ਦੀ ਇਹ ਘੌਸ਼ਣਾ -ਅੰਤਰ-ਰਾਸ਼ਟਰੀ ਪੱਧਰ ਉਪਰ ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਨੂੰ ਸਮਰਪਿਤ ਦਿਹਾੜ ਦੌਰਾਨ ਕੀਤੀ ਗਈ ਹੈ ਅਤੇ ਇਹ ਪ੍ਰੋਗਰਾਮ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰਾਂ ਦਾ ਦਿਹਾੜਾ (10 ਦਿਸੰਬਰ) ਤੱਕ ਜਾਰੀ ਰਹੇਗਾ। ਫੈਡਰਲ ਮੰਤਰੀ (ਪਰਵਾਰ ਭਲਾਈ ਅਤੇ ਸਮਾਜਿਕ ਸੇਵਾਵਾਂ) ਐਨੇ ਰਸਟਨ ਨੇ ਕਿਹਾ ਕਿ ਉਕਤ ਫੰਡ ਫੈਡਰਲ ਸਰਕਾਰ ਦੀ 150 ਮਿਲੀਅਨ ਕੌਮੀ ਪੱਧਰ ਦੀ ਸਕੀਮ ਦਾ ਹੀ ਹਿੱਸਾ ਹਨ ਅਤੇ ਇਸ ਨਾਲ ਅਜਿਹੇ ਖੇਤਰਾਂ ਵਿੱਚ ਪੀੜਿਤ ਮਹਿਲਾਵਾਂ ਨੂੰ ਉਚਿਤ ਮਦਦ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਵਿੱਚ ਸਹਾਇਤਾ ਮਿਲੇਗੀ। ਅਜਿਹੇੋ ਕਿਸੇ ਵੀ ਤਰ੍ਹਾਂ ਦੇ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਖ਼ਬਰ ਦੇਣ ਵਾਸਤੇ 1800 RESPECT (1800 737 732), ਰਾਜ ਦੀ ਘਰੇਲੂ ਹਿੰਸਾ ਲਾਈਨ (1800 65 64 63) ਉਪਰ ਅਤੇ ਆਦਮੀਆਂ ਲਈ (1300 766 491) ਅਤੇ ਆਪਾਤਕਾਲੀਨ ਮਦਦ ਲਈ ਜਾਂ ਕਿਸੇ ਕਿਸਮ ਦੇ ਖ਼ਤਰੇ ਵਿੱਚ ਫੱਸ ਜਾਣ ਕਾਰਨ ਮਦਦ ਲੈਣ ਵਾਸਤੇ 000 ਉਪਰ ਸੰਪਰਕ ਸਾਧਿਆ ਜਾ ਸਕਦਾ ਹੈ।

Install Punjabi Akhbar App

Install
×