
ਚੰਗੀਆਂ ਸੇਵਾਵਾਂ ਅਤੇ ਨਿਯਮਾਂਵਲੀ ਦੇ ਵਿਭਾਗਾਂ ਦੇ ਮੰਤਰੀ ਕੇਵਿਨ ਐਂਡਰਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਜਨਤਕ ਪੱਧਰ ਉਪਰ ਹੋਰ ਸੁਵਿਧਾਵਾਂ ਦੇਣ ਲਈ ਇੱਕ ਕਦਮ ਹੋਰ ਪੁੱਟਿਆ ਹੈ ਜਿਸ ਦੇ ਤਹਿਤ ਘਰਾਂ ਅੰਦਰ ਲੋਕਾਂ ਨੂੰ ਬਿਜਲੀ ਦੇ ਕਰੰਟ ਦੇ ਖਤਰਿਆਂ ਤੋਂ ਬਚਾਉਣ ਵਾਸਤੇ ਨਵੀਂ ਅਤੇ ਆਧੁਨਿਕ ਤਕਨੀਕ ਰਾਹੀਂ ਤਿਆਰ ਕੀਤੇ ਜਾ ਰਹੇ ਬਿਜਲੀ ਦੇ ਸਵਿੱਚਾਂ ਨੂੰ ਇਸਤੇਮਾਲ ਕਰਨ ਵਾਸਤੇ ਪ੍ਰੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਜਲੀ ਦੇ ਸਰਕਟਾਂ ਅਤੇ ਕਰੰਟ ਦੇ ਝਟਕੇ ਕਈ ਵਾਰੀ ਘਰਾਂ ਵਿੱਚ ਲੱਗੀ ਅੱਗ ਦੇ ਮੁੱਖ ਕਾਰਨ ਬਣਦੇ ਆਮ ਹੀ ਦਿਖਾਈ ਦਿੰਦੇ ਹਨ ਅਤੇ ਇਸ ਵਿੱਚ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਹੀ ਜਾਂਦਾ ਹੈ -ਕਾਰਨ ਇਹ ਨਿਕਲਦਾ ਹੈ ਕਿ ਸੁਰੱਖਿਆ ਵਾਸਤੇ ਜੋ ਸਵਿੱਚ ਲਗਾਏ ਜਾਂਦੇ ਹਨ ਉਨ੍ਹਾਂ ਦੇ ਡਿਜ਼ਾਈਨਾਂ ਜਾਂ ਕਾਰਗੁਜ਼ਾਰੀ ਵਿੱਚ ਕਿਤੇ ਨਾ ਕਿਤੇ ਕੋਈ ਫ਼ਰਕ ਰਹਿ ਜਾਂਦਾ ਹੈ ਅਤੇ ਘਟਨਾ ਦੁਰਘਟਨਾ ਵਿੱਚ ਬਦਲਦਿਆਂ ਕੁੱਝ ਹੀ ਪਲ਼ ਲਗਦੇ ਹਨ ਤੇ ਸਾਰਾ ਕੁੱਝ ਤਹਿਸ ਨਹਿਸ ਹੋ ਕੇ ਰਹਿ ਜਾਂਦਾ ਹੈ। ਇਸ ਸਭ ਕੁੱਝ ਨੂੰ ਦੁਰਘਟਨਾ ਬਣਨ ਤੋਂ ਬਚਾਉਣ ਵਾਸਤੇ ਇੱਕ ਸੇਫਟੀ ਸਵਿੱਚ ਲਗਾਇਆ ਜਾਂਦਾ ਹੈ ਜੋ ਕਿ ਰਾਹ ਵਿੱਚਲੀ ਬਿਜਲੀ ਦੀ ਖਰਾਬੀ ਨੂੰ ਦੇਖਿਦਿਆਂ ਜਾਂ ਭਾਂਪਦਿਆਂ ਪਹਿਲਾਂ ਹੀ ਬੰਦ ਹੋ ਜਾਂਦਾ ਹੈ ਅਤੇ ਅੱਗੇ ਦੀ ਸਪਲਾਈ ਨੂੰ ਕੱਟ ਕਰ ਦਿੰਦਾ ਹੈ ਅਤੇ ਹੋਣ ਵਾਲੀ ਦੁਰਘਟਨਾ ਟਲ਼ ਹੀ ਜਾਂਦੀ ਹੈ। ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ ਉਕਤ ਮੁਹਿੰਮ ਵਿੱਚ ਬਹੁਤ ਸਾਰੀਆਂ ਕੰਪਨੀਆਂ ਅਤੇ ਮੁਲਾਜ਼ਮ ਹਿੱਸਾ ਲੈ ਰਹੇ ਹਨ ਅਤੇ ਇਸ ਵਾਸਤੇ ਘਰਾਂ ਦੀ ਸਪਲਾਈ ਦੇ ਰੈਗੁਲਰ ਚੈਕ ਵੀ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸੇਫਟੀ ਸਵਿੱਚ ਨੂੰ ਲਗਾਉਣ ਦਾ ਖਰਚਾ ਜ਼ਿਆਦਾ ਨਹੀਂ ਹੈ ਪਰੰਤੂ ਇਸ ਨਾਲ ਉਹ ਸਭ ਕੁੱਝ ਬਚਾਇਆ ਜਾ ਸਕਦਾ ਹੈ ਜਿਸ ਦੇ ਨੁਕਸਾਨ ਅਤੇ ਨੁਕਸਾਨ ਤੋਂ ਬਾਅਦ ਹੋਣ ਵਾਲੇ ਖਰਚੇ ਦਾ ਅੰਦਾਜ਼ਾਂ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਘਰਾਂ ਅੰਦਰ ਲੱਗੇ ਸਮੋਕ ਅਲਾਰਮ ਜਾਂ ਸੇਫਟੀ ਸਵਿੱਚਾਂ ਨੂੰ ਸਾਲ ਵਿੱਚ ਘੱਟੋ ਘੱਟ 2 ਵਾਰੀ ਚੈਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਇਹ ਕਿਸੇ ਕਿਸਮ ਦਾ ਧੋਖਾ ਨਾ ਦੇ ਸਕਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਬਿਜਲੀ ਦਾ ਕੋਈ ਵੀ ਕੰਮ ਆਪਣੇ ਤੌਰ ਤੇ ਨਾ ਕਰੋ ਅਤੇ ਸਰਕਾਰ ਦੁਆਰਾ ਕਿਸੇ ਪ੍ਰਮਾਣਿਕ ਬਿਜਲੀ ਮਕੈਨਿਕ ਤੋਂ ਹੀ ਕੰਮ ਕਰਵਾਉ। ਬਿਜਲੀ ਸਬੰਧੀ ਰਾਜ ਸਰਕਾਰ ਅਤੇ ਮਾਹਿਰਾਂ ਕੋਲੋਂ ਜਾਣਕਾਰੀ ਹਾਸਿਲ ਕਰਨ ਵਾਸਤੇ https://www.fairtrading.nsw.gov.au/buying-products-and-services/product-and-service-safety/electrical-safety ਉਪਰ ਵਿਜ਼ਿਟ ਕੀਤਾ ਵੀ ਜਾ ਸਕਦਾ ਹੈ।