ਨਿਊ ਸਾਊਥ ਵੇਲਜ਼ ਦੀ ‘ਨੌਜਵਾਨਾਂ ਲਈ ਆਵਾਸ’ ਯੋਜਨਾ

ਬੇਘਰੇ ਨੌਜਵਾਨਾਂ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ ਉਨ੍ਹਾਂ ਦੀ ਘਰਾਂ ਦੀ ਲੋੜ ਨੂੰ ਪੂਰਨ ਵਾਸਤੇ ਅਜਿਹੀ ਹੀ ਇੱਕ ਸਕੀਮ ਦੇ ਤਹਿਤ 6.1 ਮਿਲੀਅਨ ਡਾਲਰ ਦਾ ਫੰਡ ਜਾਰੀ ਕੀਤਾ ਹੈ ਅਤੇ ‘ਨੌਜਵਾਨਾਂ ਲਈ ਆਵਾਸ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪਰਵਾਰਕ, ਭਾਈਚਾਰਾ ਅਤੇ ਅਪਾਹਜਾਂ ਲਈ ਸੇਵਾਵਾਂ ਦੇ ਵਿਭਾਗ ਦੇ ਮੰਤਰੀ ਗਰੈਥ ਵਾਰਡ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਯੋਜਨਾ ਦੇ ਤਹਿਤ ਬੇਘਰੇ ਨੌਜਵਾਨਾਂ ਦਾ ਇੱਕ ਘਰ ਵਾਲਾ ਸੁਫਨਾ ਪੂਰਾ ਹੋਵੇਗਾ ਅਤੇ ਉਹ ਆਪਣੀ ਹਰ ਤਰਾ੍ਹਂ ਦੀ ਰੋਜ਼-ਮੱਰਾਹ ਦੀ ਜ਼ਿੰਦਗੀ ਦਾ ਨਿਰਵਾਹ ਸਹੀ ਢੰਗ ਤਰੀਕਿਆਂ ਅਤੇ ਆਜ਼ਾਦੀ ਨਾਲ ਕਰ ਸਕਣਗੇ। ਵਾਈ-ਫਾਊਂਡੇਸ਼ਨ ਦੇ ਸੀ.ਈ.ਓ. ਪਾਮ ਬਾਰਕਰ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਨੌਜਵਾਨਾਂ ਅੰਦਰ ਬੇਘਰੇ ਹੋਣ ਦੀ ਭਾਵਨਾ ਬਹੁਤ ਅਸਰ ਪਾ ਰਹੀ ਹੈ ਅਤੇ ਗਹਿਰਾਈ ਵਿੱਚ ਆਪਣਾ ਘਰ ਹੋਣਾ ਲੋਚਦੇ ਹਨ। ਕਈ ਨੌਜਵਾਨ ਇਸ ਭਿਆਨਕ ਬਿਮਾਰੀ ਦੇ ਹਮਲੇ ਕਾਰਨ ਗਲੀਆਂ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਹਨ ਜਿੱਥੇ ਕਿ ਨਾ ਕੋਈ ਚਾਰ ਦਿਵਾਰੀ ਹੈ ਅਤੇ ਨਾ ਹੀ ਛੱਤ। ਅਜਿਹੀਆਂ ਹੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਅਜਿਹੇ ਨੌਜਵਾਨਾਂ ਲਈ ਆਵਾਸ ਦੀ ਯੋਜਨਾ ਬਣਾਈ ਹੈ। ਵੈਸੇ ਸਰਕਾਰ ਵੱਲੋਂ ਇਸੇ ਸਾਲ ਦੇ ਅਪ੍ਰੈਲ ਦੇ ਮਹੀਨੇ ਤੋਂ ਹੀ ਅਜਿਹੇ ਨੌਜਵਾਨਾਂ ਦੀ ਘਰਾਂ ਨੂੰ ਲੱਭਣ ਅਤੇ ਦਿਵਾਉਣ ਵਿੱਚ ਮਦਦ ਦੇਣੀ ਸ਼ੁਰੂ ਕਰ ਦਿੱਤੀ ਸੀ ਜਿਹੜੇ ਕਿ ਕਰੋਨਾ ਕਾਲ ਦੌਰਾਨ ਬੇ-ਘਰੇ ਹੋ ਰਹੇ ਸਨ ਅਤੇ ਇਸ ਪ੍ਰੋਗਰਾਮ ਦੇ ਤਹਿਤ ਘੱਟੋ ਘੱਟ 360 ਅਜਿਹੇ ਹੀ ਨੌਜਵਾਨਾਂ ਦੀ ਮਦਦ ਹੁਣ ਤੱਕ ਕੀਤੀ ਵੀ ਜਾ ਚੁਕੀ ਹੈ ਅਤੇ ਇਸ ਦੀ ਜਾਣਕਾਰੀ ਵਾਸਤੇ https://www.facs.nsw.gov.au/housing/factsheets/rent-choice-youth ਲਿੰਕ ਮਹੱਈਆ ਕਰਵਾਇਆ ਗਿਆ ਹੈ। ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਜਿਹਾ ਕੋਈ ਨੌਜਵਾਨ ਜੇਕਰ ਉਸਦਾ ਘਰ ਖੁੱਸ ਗਿਆ ਹੋਵੇ, ਜਾਂ ਉਸਨੂੰ ਘਰ ਦੀ ਲੋੜ ਹੋਵੇ ਤਾਂ ਉਹ ਅਜਿਹੀਆਂ ਸੇਵਾਵਾਂ ਲਈ Link2home on 1800 152 152 ਉਪਰ ਸੰਪਰਕ ਕਰੇ ਜਿੱਥੇ ਕਿ 24 ਘੰਟੇ ਸੱਤੋਂ ਦਿਨ ਇਹ ਸੇਵਾ ਉਪਲੱਭਧ ਹੈ ਅਤੇ ਕੋਈ ਵੀ ਅਜਿਹਾ ਨੌਜਵਾਨ ਇੱਥੇ ਸੰਪਰਕ ਕਰਕੇ ਸੇਵਾ ਦਾ ਲਾਭ ਉਠਾ ਸਕਦਾ ਹੈ।

Install Punjabi Akhbar App

Install
×