
ਰਾਜ ਦੇ ਸਿਹਤ ਕਰਮੀਆਂ ਨੂੰ ਇਸ ਸਾਲਾ ਦੌਰਾਨ ਆਈਆਂ ਕੁਦਰਤੀ ਆਫਤਾਂ ਜਿਵੇਂ ਕਿ ਬੁਸ਼ਫਾਇਰ, ਸੋਕਾ, ਹੜ੍ਹ, ਅਤੇ ਹੁਣ ਆਹ ਕੋਵਿਡ-19 ਦੇ ਚਲਦਿਆਂ ਵਧੀਆ ਕਾਰਗੁਜ਼ਾਰੀ ਅਤੇ ਲੋਕਾਂ ਦੀ ਸਹੀ ਅਰਥਾਂ ਵਿੱਚ ਸੇਵਾ ਨਿਭਾਉਣ ਕਾਰਨ ਵਿਸ਼ੇਸ਼ 2020 ਦੇ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਸਿਹਤ ਮੰਤਰੀ ਸ੍ਰੀ ਬਰੈਡ ਹੈਜ਼ਰਡ ਨੇ ਅਜਿਹਾ ਜੋਖਮ ਭਰਿਆ ਕੰਮ ਕਰਨ ਵਾਸਤੇ ਸਮੁੱਚੇ ਸਿਹਤ ਕਰਮੀਆਂ ਨੂੰ ਵਧਾਈ ਦਿੱਤੀ ਹੈ ਅਤੇ ਉਚੇਚੇ ਤੌਰ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਹਰ ਸਾਲ ਅਸੀਂ ਆਹ ਸਨਮਾਨਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਪਰੰਤੂ ਇਸ ਵਾਰੀ ਕੁੱਝ ਅਲੱਗ ਹੈ ਅਤੇ ਕੋਵਿਡ ਸੇਫ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਅਸੀਂ ਆਹ ਸਮਾਰੋਹ ਮਨਾ ਰਹੇ ਹਾਂ। ਉਨ੍ਹਾਂ ਰਾਜ ਦੇ ਪੈਥੋਲੋਜੀ ਦੇ ਖੋਜਕਾਰੀ ਡਾਕਟਰਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਿਨ੍ਹਾਂ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ ਹਨ ਅਤੇ ਕੋਵਿਡ-19 ਦੇ ਟੈਸਟਾਂ ਵਿੱਚ ਕਿਸੇ ਕਿਸਮ ਦੀ ਕੋਈ ਕੋਤਾਹੀ ਨਹੀਂ ਆਉਣ ਦਿੱਤੀ। ਦਿਮਾਗੀ ਸਿਹਤ ਦੇ ਵਿਭਾਗਾਂ ਦੇ ਮੰਤਰੀ ਸ੍ਰੀ ਬਰੋਨੀ ਟੇਲਰ ਨੇ ਵੀ ਸਿਹਤ ਕਰਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਇਸ ਖੇਤਰ ਵਿੱਚ ਬੜੀ ਕਾਮਯਾਬੀ ਨੂੰ ਛੋਹਿਆ ਹੈ ਅਤੇ ਰਾਜ ਦੀ ਜਨਤਾ ਵਾਸਤੇ ਦਿਨ ਰਾਤ ਇੱਕ ਕਰਕੇ ਸੇਵਾਵਾਂ ਉਪਲੱਭਧ ਕਰਵਾਈਆਂ ਹਨ। ਇਹ ਠੀਕ ਹੈ ਕਿ ਇਸ ਵਾਰੀ ਦਾ ਇਹ ਸਮਾਰੋਹ ਡਿਜੀਟਲੀ ਤਰੀਕਿਆਂ ਨਾਲ ਸੋਸ਼ਲ ਚੈਨਲਾਂ ਉਪਰ ਨਸ਼ਰ ਹੋਇਆ ਹੈ ਪਰੰਤੂ ਇਸ ਦੀਆਂ ਭਾਵਨਾਵਾਂ ਵਿੱਚ ਕੋਈ ਨਿਘਾਰ ਨਹੀਂ ਆਇਆ ਸਗੋਂ ਇਜ਼ਾਫ਼ਾ ਹੀ ਹੋਇਆ ਹੈ। ਜ਼ਿਆਦਾ ਜਾਣਕਾਰੀ ਲਈ https://www.health.nsw.gov.au/innovation/2020awards/ ਉਪਰ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।