ਸਕੂਲ ਤੋਂ ਬਾਅਦ ਬੱਚਿਆਂ ਦਾ ਟ੍ਰੈਕਿੰਗ ਰਿਕਾਰਡ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਆਂ ਦੇ ਸਹੀ ਅਤੇ ਉਸਾਰੂ ਭਵਿੱਖ ਵਾਸਤੇ ਸਾਲ 2022 ਤੋਂ ਇੱਕ ਨਵਾਂ ਪਲਾਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਸਕੂਲ ਤੋਂ ਪਾਸ ਹੋ ਕੇ ਜਾਣ ਵਾਲੇ ਵਿਦਿਆਰਥੀਆਂ ਦਾ ਭਵਿੱਖੀ ਰਿਕਾਰਡ ਵੀ ਰੱਖਿਆ ਜਾਵੇਗਾ ਅਤੇ ਇਸ ਨਾਲ ਪਤਾ ਚਲਦਾ ਰਹੇਗਾ ਕਿ ਬੱਚੇ ਕੀ ਕਰ ਰਹੇ ਹਨ, ਕਿੱਧਰ ਨੂੰ ਜਾ ਰਹੇ ਹਨ ਭਾਵ ਆਪਣੇ ਨੌਕਰੀ ਪੇਸ਼ਾ ਦੇ ਕਿਹੋ ਜਿਹੇ ਰਾਹੀ ਚੁਣ ਰਹੇ ਹਨ। ਇਸ ਨਾਲ ਸਕੂਲ ਨੂੰ ਵੀ ਪਤਾ ਚਲਦਾ ਰਹੇਗਾ ਕਿ ਉਸਦੇ ਵਿਦਿਆਰਥੀ ਨੌਕਰੀ ਪੇਸ਼ੇ ਜਾਂ ਕੰਮ-ਧੰਦਿਆਂ ਦੇ ਕਿਹੜੇ ਕਿਹੜੇ ਰਸਤੇ ਅਖ਼ਤਿਆਰ ਕਰਦੇ ਹਨ ਅਤੇ ਜਾਂ ਫੇਰ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਮਦਦ ਦੀ ਜ਼ਰੂਰਤ ਹੈ ਤਾਂ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਸਹੀ ਰਾਹ ਵੀ ਦਰਸਾਈ ਜਾ ਸਕਦੀ ਹੈ। ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਸਿੱਖਿਆ ਦੇ ਮਿਆਰ ਦਾ ਵੀ ਪਤਾ ਲੱਗਦਾ ਰਹੇਗਾ ਕਿ ਉਕਤ ਸਕੂਲਾਂ ਦੇ ਬੱਚਿਆਂ ਉਪਰ ਮਿਲ ਰਹੀ ਸਿੱਖਿਆ ਦਾ ਕਿਹੋ ਜਿਹਾ ਅਸਰ ਹੋ ਰਿਹਾ ਹੈ ਅਤੇ ਉਹ ਕਿਹੜੇ ਰਾਹਾਂ ਤੇ ਜਾ ਰਹੇ ਹਨ। 2022 ਤੋਂ ਪਲਾਨ ਮੁਤਾਬਿਕ ਸਰਕਾਰ, ਸਕੂਲਾਂ ਨੂੰ ਅਗਲੇ 5 ਸਾਲਾਂ ਦੇ ਵਿਦਿਆਰਥੀਆਂ ਦੇ ਰਿਕਾਰਡ ਮੁਹੱਈਆ ਕਰਵਾਏਗੀ ਅਤੇ ਇਸ ਵਿੱਚ ਬੱਚਿਆਂ ਨੇ ਸਕੂਲ ਵਿੱਚੋਂ ਨਿਕਲ ਕੇ ਕੀ ਕੀ ਕੀਤਾ, ਸਭ ਦੀ ਜਾਣਕਾਰੀ ਆਂਕੜਿਆਂ ਮੁਤਾਬਿਕ ਹੋਵੇਗੀ। ਮੌਜੂਦਾ ਸਮੇਂ ਅੰਦਰ ਬੱਸ ਬੱਚਿਆਂ ਤੋਂ ਸਕੂਲ ਪਾਸ ਹੋਣ ਸਮੇਂ ਇਹੋ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਭਵਿੱਖ ਦੀਆਂ ਇੱਛਾਵਾਂ ਕੀ ਕੀ ਹਨ ਅਤੇ ਕਿਹੜੇ ਫੀਲਡ ਵਿੱਚ ਉਹ ਜਾਣਾ ਚਾਹੁੰਦੇ ਹਨ। ਪਰੰਤੂ ਭਵਿੱਖ ਦਾ ਡਾਟਾ ਉਪਲਭਧ ਹੋ ਜਾਣ ਨਾਲ ਹੁਣ ਬੱਚਿਆਂ ਨੂੰ ਸਹੀ ਸਹੀ ਰਾਹਾਂ ਦੀ ਆਂਕੜਿਆਂ ਸਮੇਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇਗੀ।

Install Punjabi Akhbar App

Install
×