ਨਿਊ ਸਾਊਥ ਵੇਲਜ਼ ਦੇ ਵਾਰ ਮੈਮੋਰੀਅਲਾਂ ਲਈ ਸਵਾ ਲੱਖ ਡਾਲਰ ਜਾਰੀ

ਅੱਜ (ਨਵੰਬਰ 11, 2020), ਰਿਮੈਂਬਰੈਂਸ ਡੇਅ ਦੇ ਮੌਕੇ ਉਪਰ, ਵੈਟਰਨਜ਼ ਲਈ ਵਿਭਾਗਾਂ ਦੇ ਕਾਰਜਕਾਰੀ ਮੰਤਰੀ ਜਿਓਫ ਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰਲੇ 18 ਸਮਾਰਕਾਂ (ਵਾਰ ਮੈਮੋਰੀਅਲਜ਼) ਦੀ ਦੇਖਰੇਖ ਅਤੇ ਮੁਰੰਮਤ ਲਈ ਰਾਜ ਸਰਕਾਰ ਨੇ ਸਵਾ ਲੱਖ ਡਾਲਰਾਂ ਦੀ ਰਾਸ਼ੀ ਦਿੱਤੀ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਇਸ ਰੱਖ ਰਖਾਵ ਦੇ ਤਹਿਤ ਉਕਤ ਸਮਾਰਕਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਦਾ ਕੰਮ ਕੀਤਾ ਜਾਣਾ ਹੈ ਤਾਂ ਜੋ ਇਹ ਸਮਾਰਕ ਸਦੀਆਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਦਿਵਾਉਂਦੇ ਰਹਿਣ ਕਿ ਉਨ੍ਹਾਂ ਦੇ ਪੁਰਖਿਆਂ ਨੇ ਆਪਣੇ ਫ਼ਰਜ਼ ਦੀ ਖਾਤਿਰ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਦੇਸ਼ ਅਤੇ ਸਮਾਜ ਦੀ ਖਾਤਰ ਆਪਣਾ ਫ਼ਰਜ਼ ਨਿਭਾਉਂਦਿਆਂ, ਮੌਤ ਦੀ ਗੋਦ ਵਿੱਚ ਵੀ ਜਾ ਬੈਠੇ। ਇਸ ਰਾਸ਼ੀ ਨੂੰ 1919 ਤੋਂ 1949 ਤੱਕ ਦੇ ਅਜਿਹੇ ਸਮਾਰਕਾਂ ਦੇ ਰੱਖ ਰਖਾਉ ਲਈ 500 ਡਾਲਰਾਂ ਤੋਂ ਲੈ ਕੇ 10,000 ਡਾਲਰ ਤੱਕ ਦੀ ਗ੍ਰਾਂਟ ਦੇ ਰੂਪ ਵਿੱਚ ਦਿੱਤਾ ਜਾਵੇਗਾ। 10,000 ਡਾਲਰ ਦੀ ਗ੍ਰਾਂਟ ਹਾਸਿਲ ਕਰਨ ਵਾਲਿਆਂ ਸਮਾਰਕਾਂ ਵਿੱਚ 1921 ਦਾ ਬਣਿਆ ਬੂਮੀ ਵਾਰ ਮੈਮੋਰੀਅਲ ਹਾਲ ਵੀ ਸ਼ਾਮਿਲ ਹੈ ਜਿਸ ਨਾਲ ਇੱਕ ਅੰਡਰਵੇਅ ਬਣਾਇਆ ਜਾਣਾ ਹੈ। ਅਜਿਹੀ ਹੀ ਗ੍ਰਾਂਟ ਲੈਣ ਵਾਲੇ ਓ-ਕੋਨਲ ਵੈਲੀ ਕਮਿਊਨਿਟੀ ਗਰੁੱਪ ਦਾ ਕਹਿਣਾ ਹੈ ਕਿ ਉਹ 10,000 ਡਾਲਰਾਂ ਦੀ ਮਦਦ ਨਾਲ ਸਥਾਨਕ ਦਰਖਤਾਂ ਦੀ ਸਰਜਰੀ ਕਰਨ ਵਾਲੇ (ਆਰਬੋਰਿਸਟ) ਨਾਲ ਕੰਟਰੈਕਟ ਕਰਨਗੇ ਅਤੇ 160 ਦਰਖਤਾਂ ਦੀ ਸਾਂਭ ਸੰਭਾਲ ਲਈ ਉਸਦੀ ਮਦਦ ਲੈਣਗੇ। ਜ਼ਿਕਰਯੋਗ ਹੈ ਕਿ ਰਿਮੈਂਬਰੈਂਸ ਡੇਅ ਦੇ ਦੂਸਰੇ ਰਾਊਂਡ ਵਾਸਤੇ ਅਰਜ਼ੀਆਂ ਅੱਜ ਤੋਂ ਲੈ ਕੇ 11 ਫਰਵਰੀ 2021 (ਸ਼ਾਮ ਦੇ 5 ਵਜੇ ਤੱਕ) ਲਈਆਂ ਜਾ ਰਹੀਆਂ ਹਨ। ਜ਼ਿਆਦਾ ਜਾਣਕਾਰੀ www.veterans.nsw.gov.au/heritage/community-war-memorials-fund ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×