ਨਿਊ ਸਾਊਥ ਵੇਲਜ਼ ਵਿਚਲੇ ਸ਼ਮਸ਼ਾਨ ਘਾਟਾਂ ਵਿੱਚ ਲਈਆਂ ਜਾ ਰਹੀਆਂ ਵਾਧੂ ਫੀਸਾਂ ਉਪਰ ਸਰਕਾਰੀ ਨਕੇਲ

ਬੈਟਰ ਰੈਗੁਲੇਸ਼ਨਜ਼ ਵਾਲੇ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਰਾਜ ਅੰਦਰ ਸ਼ਮਸ਼ਾਨ ਘਾਟਾਂ ਉਪਰ, ਅੰਤਿਮ ਸੰਸਕਾਰ ਸਮੇਂ ਲਈਆਂ ਜਾਂਦੀਆਂ ਵਾਧੂ ਦੀਆਂ ਫੀਸਾਂ ਉਪਰ ਹੁਣ ਲਗਾਮ ਲਗਾਈ ਜਾ ਰਹੀ ਹੈ ਅਤੇ ਜੇਕਰ ਕੋਈ ਅਜਿਹੀਆਂ ਵਾਧੂ ਫੀਸਾਂ ਵਸੂਲਦਾ ਕਾਨੂੰਨ ਦੇ ਹੱਥੇ ਚੜ੍ਹਦਾ ਹੈ ਤਾਂ ਉਸਨੂੰ ਭਾਰੀ ਜੁਰਮਾਨੇ ਅਦਾ ਕਰਨੇ ਪੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਆਪਣੀ ਜ਼ਿੰਦਗੀ ਤੋਂ ਰੁਖ਼ਸਤ ਹੁੰਦਾ ਹੈ ਤਾਂ ਉਸਦੇ ਨਜ਼ਦੀਕੀਆਂ ਵਾਸਤੇ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਿਸ ਦੀ ਭਰਪਾਈ ਸ਼ਾਇਦ ਕਦੀ ਵੀ ਨਹੀਂ ਹੋ ਸਕਦੀ ਅਤੇ ਉਸ ਦੇ ਉਲਟ ਜਦੋਂ ਉਕਤ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਤਾਂ ਸ਼ਮਸ਼ਾਨ ਘਾਟਾਂ ਵੱਲੋਂ ਵਾਧੂ ਦੀਆਂ ਫੀਸਾਂ ਵਸੂਲੀਆਂ ਜਾਂਦੀਆਂ ਹਨ ਜੋ ਕਿ ਸਰਾਸਰ ਗਲਤ ਹੈ ਅਤੇ ਇਖ਼ਖਲਾਕੀ ਤੌਰ ਉਪਰ ਤਾਂ ਗਲਤ ਅਤੇ ਗੈਰ ਸਮਾਜਿਕ ਹੈ ਹੀ ਪਰੰਤੂ ਕਾਨੂੰਨ ਦੀਆਂ ਨਜ਼ਰਾਂ ਵਿੱਚ ਵੀ ਗੁਨਾਹ ਹੈ।
ਸ਼ਮਸ਼ਾਨ ਘਾਟਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਉਥੋਂ ਦੀਆਂ ਹੋਣ ਵਾਲੀਆਂ ਅੰਤਿਮ ਰਸਮਾਂ ਦੇ ‘ਘੱਟ ਤੋਂ ਘੱਟ’ ਖਰਚੇ ਪੂਰੇ ਵੇਰਵੇ ਨਾਲ ਦਰਸਾਉਣ ਅਤੇ ਵੈਬਸਾਈਟ ਉਪਰ ਅਪਲੋਡ ਕਰਨ ਅਤੇ ਬੋਰਡਾਂ ਉਪਰ ਲਿੱਖ ਕੇ ਸ਼ਮਸ਼ਾਨ ਘਾਟਾਂ ਵਿੱਚ ਵੀ ਲਗਾਉਣ ਤਾਂ ਜੋ ਸਾਰਿਆਂ ਨੂੰ ਅਸਲ ਖਰਚਿਆਂ ਬਾਰੇ ਪਤਾ ਲੱਗ ਸਕੇ ਅਤੇ ਕਿਸੇ ਤੋਂ ਕਿਸੇ ਕਿਸਮ ਦੀ ਕੋਈ ਵੀ ਵਾਧੂ ਦੀ ਫੀਸ ਨਾ ਵਸੂਲੀ ਜਾਵੇ।
ਬੀਤੇ ਸਾਲ ਦੇ ਸਤੰਬਰ ਦੇ ਮਹੀਨੇ ਤੋਂ ਆਈ.ਪੀ.ਏ.ਆਰ.ਟੀ. ਅਜਿਹੀਆਂ ਕਰੀਬ 500 ਅਦਾਰਿਆਂ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਹੀ ਅਜਿਹਾ ਨਹੀਂ ਕਰਦੇ ਸਗੋਂ ਕੁੱਝ ਕੁ ਲੋਕ ਅਜਿਹੇ ਹਨ ਜੋ ਕਿ ਸਰਕਾਰ ਦੀਆਂ ਹਦਾਇਤਾਂ ਵੱਲ ਜ਼ਿਆਦਾ ਤਵੱਜੋ ਨਹੀਂ ਦਿੰਦੇ ਅਤੇ ਆਪਣੀਆਂ ਮਨਮਰਜ਼ੀਆਂ ਕਰਦੇ ਹਨ ਅਤੇ ਉਨ੍ਹਾਂ ਨੂੰ ਤਾਕੀਦ ਹੈ ਕਿ ਉਹ ਇਦਾਂ ਨਾ ਕਰਨ ਅਤੇ ਮਨੁੱਖਤਾ ਦੇ ਆਧਾਰ ਉਪਰ ਆਪਣੇ ਸਾਰੇ ਫਰਜ਼ ਨਿਭਾਉਣ।
ਜੇਕਰ ਕੋਈ ਅਜਿਹੀਆਂ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸਨੂੰ ਵਿਅਕਤੀਗਤ ਤੌਰ ਉਪਰ 550 ਡਾਲਰ; ਕਾਰਪੋਰੇਸ਼ਨ ਨੂੰ 1100 ਡਾਲਰ ਆਦਿ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਫੇਅਰ ਟ੍ਰੇਡਿੰਗ ਐਕਟ 1987 ਦੇ ਤਹਿਤ ਇਸ ਦੋਸ਼ ਵਿੱਚ 5,500 ਡਾਲਰਾਂ ਤੱਕ ਦਾ ਜੁਰਮਾਨਾ ਕਰਨ ਦਾ ਪ੍ਰਾਵਧਾਨ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ https://www.fairtrading.nsw.gov.au/buying-products-and-services/buying-services/funerals ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×