ਨਿਊ ਸਾਊਥ ਵੇਲਜ਼ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਨਵੇਂ ਬਣੇ ਵਾਤਾਵਰਣ ਵਾਲੇ ਬੋਰਡ ਤੋਂ ਹਟਾਇਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਟ-ਜ਼ੀਰੋ ਐਮਿਸ਼ਨ ਅਤੇ ਕਲੀਨ ਇਕਾਨੋਮੀ ਬੋਰਡ ਉਪਰ ਤਾਇਨਾਤ ਕੀਤੇ ਗਏ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਉਨ੍ਹਾਂ ਦੇ ਉਕਤ ਅਹੁਦੇ ਤੋਂ ਹਟਾ ਦਿੱਤਾ ਹੈ ਜਿਸ ਬਾਰੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਖੇਦ ਪ੍ਰਗਟ ਕਰਦਿਆਂ ਸਰਕਾਰ ਦੀ ਇਸ ਨੀਤੀ ਦੀ ਨਿਖੇਧੀ ਕੀਤੀ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦਾ ਕਹਿਣਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਨ ਪਰੰਤੂ ਉਨ੍ਹਾਂ ਦੀ ਕੀਤੀ ਗਈ ਨਿਯੁੱਕਤੀ ਕਈ ਤਰ੍ਹਾਂ ਦੇ ਦੂਸਰੇ ਪੱਖੀ ਸੰਕੇਤ ਦੇ ਰਹੀ ਸੀ ਅਤੇ ਕਾਰਗਰ ਸਾਬਿਤ ਨਹੀਂ ਸੀ ਹੋ ਰਹੀ ਇਸ ਵਾਸਤੇ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਚਰਚਾ ਇਸ ਗੱਲ ਦੀ ਵੀ ਹੋ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਇੱਕ ਚਿੱਠੀ ਨਿਊ ਸਾਊਥ ਵੇਲਜ਼ ਦੀ ਸਰਕਾਰ ਨੂੰ ਲਿੱਖੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਪਰ ਹੰਟਰ ਵਾਲੇ ਖੇਤਰ ਵਿੱਚ, ਕੋਲਾ ਕੱਢਣ ਵਾਲੀਆਂ ਕਾਨਾਂ ਦੇ ਵਿਸਥਾਰ ਨਾਲ ਉਨ੍ਹਾਂ ਦੀ ਨਿਜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਇਸਨੂੰ ਤੁਰੰਤ ਰੋਕਿਆ ਜਾਵੇ।
ਦਰਅਸਲ, ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਅਹੁਦੇ ਤੋਂ ਹਟਾਉਣ ਦਾ ਐਲਾਨ ਵਧੀਕ ਪ੍ਰੀਮੀਅਰ ਅਤੇ ਨੈਸ਼ਨਲ ਪਾਰਟੀ ਦੇ ਨੇਤਾ ਜੋਹਨ ਬੈਰੀਲੈਰੋ ਵੱਲੋਂ ਕੀਤਾ ਗਿਆ ਸੀ ਅਤੇ ਸਾਫ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਕੋਈ ਅਜਿਹਾ ਵਿਅਕਤੀ ਚਾਹੀਦਾ ਸੀ ਜੋ ਕਿ ਲੋਕਾਂ ਨੂੰ ਜੋੜਦਾ ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਇਸ ਦੇ ਉਲਟ ਕੰਮ ਕਰ ਦਿੱਤਾ ਹੈ।

Install Punjabi Akhbar App

Install
×