ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸ਼ੋਸ਼ਲ ਮੀਡੀਆ ਉਪਰ ਫੋਟੋਆਂ ਰਾਹੀਂ ਬੁਰਾ ਭਲਾ ਕਹਿਣ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ

ਸ਼ੋਸ਼ਲ ਮੀਡੀਆ ਉਪਰ ਇੱਕ ਦੂਜੇ ਨੂੰ ਫੋਟੋਆਂ ਰਾਹੀਂ ਜਾਤ-ਪਾਤ ਆਦਿ ਬਾਰੇ ਵਿੱਚ ਗਲਤ ਟਿਪਣੀਆਂ ਕਰਨ ਅਤੇ ਜਾਂ ਫੇਰ ਸਰੀਰਿਕ ਸ਼ੋਸ਼ਣ ਆਦਿ ਲਈ ਬਿਨ੍ਹਾਂ ਕਿਸੇ ਮਰਜ਼ੀ ਦੇ ਉਕਸਾਉਣ ਜਾਂ ਸਮਾਜਿਕ ਤੌਰ ਤੇ ਕਿਸੇ ਵੀ ਭਾਸ਼ਾ, ਨਸਲ, ਕਾਰ-ਵਿਹਾਰ ਆਦਿ ਲਈ ਭੜਕਾਉਣ ਵਾਸਤੇ ਜਿਹੜੀਆਂ ਫੋਟੋਆਂ ਸ਼ੇਅਰ ਕੀਤੀਆਂ ਜਾਂਦੀਆਂ ਹਨ, ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਇੱਕ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਸਮਾਂ ਰੰਿਹੰਦਿਆਂ ਲੋਕ ਅਜਿਹੀਆਂ ਫੋਟੋਆਂ ਵਾਲੇ ਮੈਸਜਾਂ ਦੀ ਸੱਚਾਈ ਤੋਂ ਜਾਣੂ ਹੋ ਸਕਣ ਅਤੇ ਕਿਸੇ ਕਿਸਮ ਦੇ ਸਰੀਰਕ ਸ਼ੋਸ਼ਣ ਦੇ ਨਾਲ ਨਾਲ ਸਮਾਜਿਕ ਸ਼ੋਸ਼ਣ ਦਾ ਸ਼ਿਕਾਰ ਵੀ ਨਾ ਹੋ ਸਕਣ। ਬੀਤੇ ਮਾਰਚ ਤੋਂ ਸਤੰਬਰ ਤੱਕ ਦੇ ਮਹੀਨਿਆਂ ਅੰਦਰ, ਈ-ਸੇਫਟੀ ਤਹਿਤ ਅਜਿਹੇ ਮਾਮਲਿਆਂ ਅੰਦਰ ਬੀਤੇ ਸਾਲ 2019 ਨਾਲੋਂ ਇਸ ਸਮੇਂ ਅੰਦਰ ਘੱਟੋ ਘੱਟ ਵੀ 172% ਦਾ ਇਜ਼ਾਫ਼ਾ ਹੋਇਆ ਹੈ ਅਤੇ ਇਹ ਚਿੰਤਾਜਨਕ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਬੋਨੀ ਟੇਲਰ ਨੇ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਿਹਾ ਹੈ ਕਿ ਇਸ ਨਾਲ ਸਮਾਜ ਦੇ ਹਰ ਵਰਗ ਤੋਂ ਇਲਾਵਾ, 18 ਤੋਂ 24 ਸਾਲ ਤੱਕ ਦੀਆਂ ਮਹਿਲਾਵਾਂ ਜ਼ਿਆਦਾ ਜੋਖਮ ਉਠਾਉਂਦੀਆਂ ਹਨ ਪਰੰਤੂ ਇਹ ਵੀ ਸੱਚ ਹੈ ਕਿ ਅਜਿਹੇ ਵਾਕਿਆ ਹਰ ਉਮਰ, ਵਰਗ ਅਤੇ ਹਰ ਕਿੱਤੇ ਪੇਸ਼ੇ ਨਾਲ ਸਬੰਧਤ ਲੋਕਾਂ ਨਾਲ ਵਾਪਰ ਸਕਦੇ ਹਨ ਅਤੇ ਅਸਲ ਗੱਲ ਤਾਂ ਇਹ ਹੈ ਕਿ ਵਾਪਰ ਰਹੇ ਹੀ ਹਨ। ਅਤੇ ਇਨ੍ਹਾਂ ਨੂੰ ਰੋਕਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਅਸਲ ਮੁੱਦਾ ਇਹ ਹੀ ਹੈ ਕਿ ਲੋਕਾਂ ਨੂੰ ਸਮਝਾਇਆ ਜਾਵੇ ਕਿ ਅਜਹੀਆਂ ਹਾਲਤਾਂ ਵਿੱਚ ਆਖਿਰ ਕਰਨਾ ਕੀ ਹੈ ਅਤੇ ਉਨ੍ਹਾਂ ਦੇ ਇਸ ਬਾਬਤ ਕਾਨੂੰਨੀ ਅਤੇ ਸਮਾਜਿਕ ਅਧਿਕਾਰ ਅਤੇ ਕਦਮ ਕੀ ਹਨ ਅਤੇ ਜਾਂ ਕੀ ਹੋਣੇ ਚਾਹੀਦੇ ਹਨ। ਅਜਿਹੇ ਹਾਲਤਾਂ ਵਿੱਚ ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਸ਼ਿਕਾਇਤ ਕਰਜ ਕਰਵਾਈ ਜਾ ਸਕਦੀ ਹੈ। ਅਟਾਰਨੀ ਜਨਰਲ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਮਾਰਕ ਸਪੀਕਮੈਨ ਨੇ ਸਰਕਾਰ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਦੇ ਹਰ ਉਸਾਰੂ ਕਦਮਾਂ ਵਾਂਗ ਹੀ ਇਹ ਚੁਕਿਆ ਗਿਆ ਕਦਮ ਵੀ ਜਨਹਿਤ ਵਿੱਚ ਲਾਭਕਾਰੀ ਹੋਣ ਵਾਲਾ ਹੈ ਅਤੇ ਸਮੁੱਚਾ ਸਮਾਜ ਇਸਤੋਂ ਫਾਇਦਾ ਉਠਾਏਗਾ। ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਵੀ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਪਿਆਂ, ਦੇਖਰੇਖ ਕਰਨ ਵਾਲਿਆਂ, ਦੋਸਤਾਂ-ਮਿੱਤਰਾਂ, ਸਾਥੀਆਂ ਜਾਂ ਪਰਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਕਾਰਵਾਈਆਂ ਪ੍ਰਤੀ ਸਕਾਰਾਤਮਕ ਸੋਚ ਦਾ ਪ੍ਰਦਰਸ਼ਨ ਕਰਨ ਅਤੇ ਅਜਿਹੇ ਲੋਕਾਂ ਨੂੰ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਤੋਂ ਰੋਕਣ ਪ੍ਰਤੀ ਜਾਗਰੂਕ ਹੋ ਕੇ ਸਰਕਾਰ ਦਾ ਸਾਥ ਦੇਣ ਤਾਂ ਜੋ ਅਸੀਂ ਇੱਕ ਨਵੇਂ, ਉਸਾਰੂ ਅਤੇ ਸਿਰਜਨਾਤਮਕ ਸਮਾਜ ਦੀ ਹੋਂਦ ਨੂੰ ਕਾਇਮ ਰੱਖ ਸਕੀਏ ਅਤੇ ਇਸ ਪ੍ਰਤੀ ਸਹੀ ਰਵੱਈਆਂ ਨੂੰ ਢਾਹ ਲੱਗਣ ਤੋਂ ਬਚਾ ਸਕੀਏ। ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਕੋਈ ਅਜਿਹਾ ਅਸਮਾਜਿਕ ਕਾਰਕੁਨ ਕਿਸੇ ਵੀ ਫੋਟੋ ਇੰਟਰਨੈਟ ਤੋਂ ਚੁਰਾ ਲੈਂਦਾ ਹੈ ਅਤੇ ਫੇਰ ਉਸਨੂੰ ਇਤਰਾਜ਼ ਯੋਗ ਬਣਾ ਕੇ ਮੁੜ ਤੋਂ ਅਪਲੋਡ ਕਰ ਦਿੰਦਾ ਹੈ ਅਤੇ ਜਾਂ ਫੇਰ ਅਜਿਹੇ ਵਿਅਕਤੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਜ਼ਰੂਰਤ ਹੈ ਅਜਿਹੇ ਕਰਿੰਦਿਆਂ ਨੂੰ ਸਮਾਂ ਰਹਿੰਦਿਆਂ ਹੀ ਰੋਕਿਆ ਜਾਵੇ। ਜ਼ਿਆਦਾ ਜਾਣਕਾਰੀ ਵਾਸਤੇ esafety.gov.au/report ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਕਿਸੇ ਕਿਸਮ ਦੀ ਮਦਦ ਲਈ (1800 RESPECT (1800 737 732) for 24/7) ਉਪਰ ਕਾਲ ਕਰਕੇ ਮਦਦ ਮੰਗੀ ਜਾ ਸਕਦੀ ਹੈ।

Install Punjabi Akhbar App

Install
×