ਨਿਊ ਸਾਊਥ ਵੇਲਜ਼ ਸਰਕਾਰ ਦਾ ਰਿਚਮੰਡ ਵੈਲੀ ਵਿਖੇ ਰੌਜ਼ਗਾਰ ਵਧਾਉਣ ਦਾ ਪ੍ਰੋਗਰਾਮ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੀਤਾ ਜਾਣ ਵਾਲਾ ਹਰ ਕਾਰਜ ਹੀ ਅਜਿਹਾ ਹੁੰਦਾ ਹੈ ਕਿ ਉਸ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਰੌਜ਼ਗਾਰਾਂ ਅੰਦਰ ਵਾਧਾ ਹੋਵੇ ਅਤੇ ਇਸੇ ਦੇ ਤਹਿਤ ਹੁਣ ਸਰਕਾਰ ਨੇ ਰਿਚਮੰਡ ਵੈਲੀ ਵਿੱਚ ਰੌਜ਼ਗਾਰ ਵਧਾਉਣ ਦਾ ਆਪਣਾ ਨਵਾਂ ਪ੍ਰੋਗਰਾਮ ਚਲਾਉਣ ਦਾ ਐਲਾਨ ਕੀਤਾ ਹੈ। ਇਸ ਨਵੇਂ ਪ੍ਰੋਗਰਾਮ ਤਹਿਤ ਖੇਤੀਬਾੜੀ ਦੇ ਨਾਲ ਨਾਲ ਮੁੜ ਤੋਂ ਇਸਤੇਮਾਲ ਹੋਣ ਵਾਲੀ ਊਰਜਾ ਅਤੇ ਉਤਪਾਦਨ ਉਦਯੋਗ ਵਾਲੇ ਖੇਤਰ ਵੀ ਸ਼ਾਮਿਲ ਹਨ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਹਜ਼ਾਰਾਂ ਦੀ ਸੰਖਿਆ ਵਿੱਚ ਨਵੇਂ ਰੌਜ਼ਗਾਰ ਪੈਦਾ ਹੋਣਗੇ ਜਿਨ੍ਹਾਂ ਦਾ ਸਿੱਧਾ ਫਾਇਦਾ ਸਥਾਨਕ ਲੋਕਾਂ ਨੂੰ ਹੋਵੇਗਾ। ਕਲੇਰੈਂਸ ਖੇਤਰ ਤੋਂ ਐਮ.ਪੀ. ਨੇ ਇਸ ਵਿੱਚ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਇਸ ਖ਼ਬਰ ਨੂੰ ਸੁਣ ਕੇ ਬਹੁਤ ਜ਼ਿਆਦਾ ਉਤਸਾਹਿਤ ਹਨ ਕਿ ਸਰਕਾਰ ਨੇ ਰਿਚਮੰਡ ਵੈਲੀ ਨੂੰ ਆਪਣੇ ਨਵੇਂ ਪ੍ਰੋਗਰਾਮਾਂ ਤਹਿਤ ਸ਼ਾਮਿਲ ਕੀਤਾ ਅਤੇ ਇਸ ਵਾਸਤੇ ਉਹ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ। ਇਸ ਨਾਲ ਜਿੱਥੇ ਖੇਤਰ ਵਿੱਚ ਕਾਮਯਾਬੀਆਂ ਦੇ ਨਵੇਂ ਪੜਾਅ ਆਉਣਗੇ ਉਥੇ ਹੀ ਸਥਾਨਕ ਲੋਕਾਂ ਲਈ ਰੌਜ਼ਗਾਰ ਅਤੇ ਉਨ੍ਹਾਂ ਦੇ ਜੀਵਨ ਪੱਧਰ ਦੀ ਤਰੱਕੀ ਵੀ ਹੋਵੇਗੀ। ਸਰਕਾਰ ਦੇ ਐਲਾਨ ਵਿੱਚ ਦਰਸਾਇਆ ਗਿਆ ਹੈ ਕਿ ਖੇਤਰ ਕਿਉਂਕਿ ਬੁਸ਼ਫਾਇਰ ਤੋਂ ਪ੍ਰਭਾਵਿਤ ਰਿਹਾ ਹੈ ਇਸ ਲਈ 9.9 ਮਿਲੀਅਨ ਡਾਲਰਾਂ ਦਾ ਬੁਸ਼ਫਾਇਰ ਪੈਕੇਜ ਦਿੱਤਾ ਜਾ ਰਿਹਾ ਹੈ ਜਿਸ ਰਾਹੀਂ ਕਿ ਲੋਕਾਂ ਦੀ ਆਰਥਿਕ ਹਾਲਤ ਨੂੰ ਮੁੜ ਤੋਂ ਖੜ੍ਹਾ ਕਰਨ ਵਿੱਚ ਸਹਾਇਤਾ ਮਿਲੇਗੀ। ਜ਼ਿਕਰਯੋਗ ਹੈ ਕਿ ਉਕਤ ਪ੍ਰੋਗਰਾਮ ਸਰਕਾਰ ਵੱਲੋਂ ਚਲਾਏ ਜਾ ਰਹੇ 4.2 ਬਿਲੀਅਨ ਡਾਲਰਾਂ ਦੇ ਸਨੋਈ ਹਾਈਡ੍ਰੋ ਲਿਗੇਸੀ ਫੰਡ ਅਤੇ ਖੇਤਰਾਂ ਦੇ ਵਿਕਾਸ ਵਾਲੇ ਪ੍ਰੋਗਰਾਮਾਂ ਦਾ ਹੀ ਹਿੱਸਾ ਹੈ। ਜ਼ਿਆਦਾ ਜਾਣਕਾਰੀ ਵਾਸਤੇ https://www.nsw.gov.au/snowy-hydro-legacy-fund/special-activation-precincts/regional-job-precincts/richmond-regional-job ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×