ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਥਾਨਕ ਕਾਂਸਲਾਂ ਨੂੰ ਗਰਮੀਆਂ ਵਿੱਚ ਮਸਤੀਆਂ ਵਾਸਤੇ ਫੰਡ

ਨਿਊ ਸਾਊਥ ਵੇਲਜ਼ ਨੇ ਗਰਮੀਆਂ ਦੇ ਇਸ ਸੀਜ਼ਨ ਅੰਦਰ ਜਨਤਕ ਤੌਰ ਤੇ ਮਨੋਰੰਜਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਅਤੇ ਮਨਪ੍ਰਚਾਵੇ ਦੇ ਸਾਧਨਾਂ ਲਈ ਸਥਾਨਕ ਕਾਂਸਲਾਂ ਨੂੰ 10,000 ਡਾਲਰਾਂ (ਪ੍ਰਤੀ ਕਾਂਸਲ) ਦੇ ਫੰਡ ਦੀ ਪੇਸ਼ਕਸ਼ ਕੀਤੀ ਹੈ ਜਿਸ ਦਾ ਇਸਤੇਮਾਲ ਜਨਤਕ ਤੌਰ ਉਪਰ ਮਨੋਰੰਜਨ ਅਤੇ ਹੋਰ ਉਤਸਾਹ ਭਰਪੂਰ ਪ੍ਰੋਗਰਾਮਾਂ ਦੇ ਆਯੋਜਨ ਲਈ ਕੀਤਾ ਜਾ ਸਕਦਾ ਹੈ ਅਤੇ ਅਜਿਹੇ ਪ੍ਰੋਗਰਾਮਾਂ ਉਪਰ ਜਨਤਾ ਲਈ ਕੋਈ ਫੀਸ, ਟਿਕਟ ਆਦਿ ਨਹੀਂ ਹੋਣਗੇ। ਖ਼ਜ਼ਾਨਾ ਮੰਤਰੀ ਰੋਬ ਸਟੋਕਸ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਸੈਲੈ ਹੈਂਕੋਕ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ 1.3 ਮਿਲੀਅਨ ਡਾਲਰਾਂ ਦਾ ਫੰਡ ਇਸ ਪ੍ਰਜੈਕਟ ਦੇ ਤਹਿਤ ਰੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਦੀ ਮਾਰ ਤੋਂ ਬਾਅਦ ਹੁਣ ਅਰਥ ਵਿਵਸਥਾ ਦੇ ਨਾਲ ਨਾਲ ਲੋਕਾਂ ਦੀ ਮਨੋਦਸ਼ਾ ਨੂੰ ਸੁਧਾਰਨ ਲਈ ਵੀ ਅਵਸਰਾਂ ਦਾ ਆਯੋਜਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਜਨਤਕ ਤੌਰ ਤੇ ਪ੍ਰਤੀ ਦਿਨ ਦੀ ਲੋਕਾਂ ਦੀ ਜ਼ਿੰਦਗੀ ਵੀ ਪਟੜੀ ਤੇ ਆ ਸਕੇ ਅਤੇ ਇਸ ਦੇ ਨਾਲ ਹੀ ਅਰਥ-ਵਿਵਸਥਾ ਦੀ ਗੱਡੀ ਵੀ ਮੁੜ ਤੋਂ ਲੀਹਾਂ ਤੇ ਪਰਤ ਆਵੇ। ਸਥਾਨਕ ਕੰਮ-ਧੰਦਿਆਂ ਲਈ ਵੀ ਅਜਿਹੇ ਆਯੋਜਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸ੍ਰੀਮਤੀ ਹੈਂਕੋਕ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਉਤਮ ਕਦਮ ਹੈ ਅਤੇ ਲੋਕ ਭਲਾਈ ਦੇ ਨਾਲ ਨਾਲ ਅਰਥ-ਵਿਵਸਥਾ ਨੂੰ ਵੀ ਉਸਾਰਨ ਵਾਲਾ ਹੈ। ਇਸ ਬਾਬਤ ਅਪਲਾਈ ਕਰਨ ਲਈ ਉਨ੍ਹਾਂ ਕਿਹਾ ਕਿ ਸਥਾਨਕ ਕਾਂਸਲਾਂ ਨੂੰ ਇਸ ਬਾਰੇ ਵਿੱਚ ਸਾਧਾ ਜਿਹਾ ਆਨਲਾਈਨ ਫਾਰਮ ਭਰਨਾ ਹੈ ਅਤੇ ਜ਼ਿਆਦਾ ਜਾਣਕਾਰੀ ਅਤੇ ਫਾਰਮ ਲਈ https://www.dpie.nsw.gov.au/premiers-priorities/great-public-spaces/festival-of-place/summer-fund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×