ਨਿਊ ਸਾਊਥ ਵੇਲਜ਼ -ਹੜ੍ਹ ਪ੍ਰਭਵਿਤ ਖੇਤਰਾਂ ਲਈ 742 ਮਿਲੀਅਨ ਡਾਲਰਾਂ ਦੀ ਹੋਰ ਵਾਧੂ ਮਦਦ

ਉਤਰੀ ਨਿਊ ਸਾਊਥ ਵੇਲਜ਼ ਦੇ ਹੜ੍ਹ ਪ੍ਰਭਵਿਤ ਖੇਤਰਾਂ ਵਿਚ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਫੈਡਰਲ ਅਤੇ ਰਾਜ ਸਰਕਾਰ ਨੇ ਮਿਲ ਕੇ 742 ਮਿਲੀਅਨ ਡਾਲਰਾਂ ਦੀ ਹੋਰ ਵਾਧੂ ਮਦਦ ਦਾ ਐਲਾਨ ਕੀਤਾ ਹੈ।
ਫੈਡਰਲ ਸਰਕਾਰ ਦੇ ਆਪਾਤਕਾਲੀਨ ਵਿਭਾਗਾਂ ਦੇ ਮੰਤਰੀ ਬ੍ਰਿਜੇਟ ਮੈਕੰਜ਼ੀ ਅਤੇ ਨਿਊ ਸਾਊਥ ਵੇਲਜ਼ ਰਾਜ ਦੇ ਸਬੰਧਤ ਮੰਤਰੀ ਸਟੇਫ ਕੂਕ ਨੇ ਬੈਲੀਨਾ ਵਿਖੇ ਇੱਕ ਸਾਂਝੇ ਬਿਆਨ ਰਾਹੀਂ ਉਕਤ ਮਦਦ ਦਾ ਐਲਾਨ ਕੀਤਾ ਅਤੇ ਇਹ ਵੀ ਦੱਸਿਆ ਕਿ ਹੁਣ ਤੱਕ ਬੀਤੇ 3 ਹਫ਼ਤਿਆਂ ਦੌਰਾਨ, 2 ਬਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੀ ਮਦਦ, ਲੋਕਾਂ ਤੱਕ ਪਹੁੰਚਾਈ ਜਾ ਚੁਕੀ ਹੈ।
ਰਾਜ ਸਰਕਾਰ ਨੇ ਆਪਣੇ ਵੱਲੋਂ ਵੀ 265 ਮਿਲੀਅਨ ਦੇ ਇੱਕ ਪੈਕੇਜ ਦਾ ਐਲਾਨ ਕੀਤਾ ਹੈ ਜੋ ਕਿ ਹੜ੍ਹ ਪ੍ਰਭਵਿਤ ਖੇਤਰਾਂ ਵਿੱਚ ਉਥੋਂ ਦੀਆਂ ਸਥਾਨਕ ਕਾਂਸਲਾਂ ਦੇ ਜ਼ਰੀਏ, ਬੁਨਿਆਦੀ ਢਾਂਚੇ ਅਤੇ ਸੀਵਰੇਜ ਆਦਿ ਦੀਆਂ ਸਮੱਸਿਆਵਾਂ ਲਈ ਖਰਚਿਆ ਜਾਣਾ ਹੈ।
ਰਾਜ ਭਰ ਦੇ 660,000 ਦੇ ਕਰੀਬ ਲੋਕਾਂ ਨੂੰ 653 ਮਿਲੀਅਨ ਡਾਲਰਾਂ ਦੇ ਇੱਕ ਵਾਧੂ ਬਜਟ ਰਾਹੀਂ ਵੀ ਮਦਦ, ਫੈਡਰਲ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।
ਬੈਲੀਨਾ ਦੇ ਮੇਅਰ ਸ਼ੈਰਨ ਕੈਡਵੇਲੇਡਰ ਨੇ ਇਸ ਬਾਬਤ ਰਾਜ ਸਰਕਾਰ ਅਤੇ ਫੈਡਰਲ ਸਰਕਾਰ, ਦੋਹਾਂ ਦਾ ਧੰਨਵਾਦ ਕੀਤਾ ਹੈੇ।