ਸਿਡਨੀ ਵਿੱਚ ਹਾਲੇ ਵੀ ਹੜ੍ਹਾਂ ਦੀ ਮਾਰ ਜਾਰੀ… ਸੈਂਕੜੇ ਲੋਕਾਂ ਨੂੰ ਪਹੁੰਚਾਇਆ ਸੁਰੱਖਿਅਤ ਥਾਂਵਾਂ ਤੇ

ਬੇਸ਼ਕ ਜ਼ਿਆਦਾਤਰ ਖੇਤਰਾਂ ਵਿੱਚ ਭਾਰੀ ਬਾਰਿਸ਼ ਦਾ ਪ੍ਰਕੋਪ ਘਟਿਆ ਹੈ ਪਰੰਤੂੰ ਨਿਊ ਸਾਊਥ ਵੇਲਜ਼ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹਾਲੇ ਵੀ ਹੜ੍ਹਾਂ ਦੀ ਮਾਰ ਜਾਰੀ ਹੈ ਕਿਉਂਕਿ ਹੜ੍ਹਾਂ ਦੇ ਇਕੱਠੇ ਹੋਏ ਪਾਣੀ ਨੂੰ ਨਿਕਲਣ ਵਿੱਚ ਸਮਾਂ ਲੱਗ ਰਿਹਾ ਹੈ। ਅਤੇ ਸਿਡਨੀ ਦੇ ਵਿਚੋਂ ਹੁਣ ਵੀ ਸੈਂਕੜੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਇਸ ਕੰਮ ਵਿੱਚ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀ ਦਿਨ ਰਾਤ ਲੱਗੇ ਹੋਏ ਹਨ।
ਹਾਕਸਬਰੀ-ਨੇਪੀਅਨ ਨਦੀਆਂ ਅੰਦਰ ਪਾਣੀ ਦਾ ਚੜਾਓ ਹਾਲੇ ਵੀ ਜਾਰੀ ਹੈ ਅਤੇ ਇਸ ਕਾਰਨ ਹੀ ਨਿਚਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਂਵਾਂ ਤੇ ਕੱਢਿਆ ਜਾ ਰਿਹਾ ਹੈ।
ਉਧਰ ਤਿਓਹਾਰਾਂ ਦਾ ਮੌਸਮ ਹੈ ਅਤੇ ਈਸਟਰ ਮੌਕੇ ਤੇ ਸਕੂਲ ਦੀਆਂ ਛੁੱਟੀਆਂ ਵੀ ਹੋ ਗਈਆਂ ਹਨ ਅਤੇ ਇਸ ਦੇ ਨਾਲ ਹੀ 1200 ਦੇ ਕਰੀਬ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢਿਆ ਗਿਆ ਹੈ ਅਤੇ 1500 ਹੋਰ ਲੋਕਾਂ ਨੂੰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਵੀ ਤਿਆਰ ਬਰ ਤਿਆਰ ਰਹਿਣ ਅਤੇ ਕਦੀ ਵੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੌਜੂਦਾ ਥਾਂਵਾਂ ਤੋਂ ਨਿਕਲਣ ਲਈ ਹੁਕਮ ਜਾਰੀ ਕੀਤੇ ਜਾ ਸਕਦੇ ਹਨ।
ਦੱਖਣ-ਪੱਛਮੀ ਸਿਡਨੀ ਦੇ ਇੱਕ ਖੇਤਰ ਵਿੱਚੋਂ ਇੱਕ 68 ਕੁ ਸਾਲਾਂ ਦੇ ਵਿਅਕਤੀ ਦੀ ਮ੍ਰਿਤਕ ਦੇਹ ਵੀ ਬਰਾਮਦ ਕੀਤੀ ਗਈ ਹੈ।
ਨਾਰਥ ਰਿਚਮੰਡ, ਵਿੰਡਸਰ, ਮੇਨਾਂਗਲ, ਕੈਮਡੇਨ ਅਤੇ ਵੈਲਾਸੀਆ ਆਦਿ ਖੇਤਰਾਂ ਵਿੱਚ ਵਹਿੰਦੀ ਹਾਕਸਬਰੀ-ਨੇਪੀਅਨ ਨਦੀ ਵਿੱਚ ਪਾਣੀ ਦਾ ਉਫਾਨ ਜਾਰੀ ਹੈ ਅਤੇ ਇੱਥੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਇਸਤੋਂ ਇਲਾਵਾ ਮਦ-ਉਤਰੀ ਕੋਸਟ ਦੇ ਖੇਤਰ ਵਿੱਚ ਓਰਾਰਾ ਨਦੀ ਵੀ ਆਪਣੇ ਪੂਰੇ ਉਫਾਨ ਤੇ ਹਨ ਅਤੇ ਨਾਲ ਦੇ ਖੇਤਰਾਂ ਵਿੱਚ ਪਾਣੀ ਭਰਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।

Install Punjabi Akhbar App

Install
×