ਨਿਊ ਸਾਊਥ ਵੇਲਜ਼ ਦੇ ਖੇਤਰਾਂ ਵਿੱਚ ਮੁੜ ਤੋਂ ਹੜ੍ਹਾਂ ਦੀ ਚਿਤਾਵਨੀ

ਕਾਮਨਵੈਲਥ ਦੇ ਸਰਵੇਖਣ ਤੋਂ ਡੋਮਿਨਿਕ ਪੈਰੋਟੈਟ ਕਿਉਂ ਹਨ ਚਿੰਤਿਤ

ਬੀਤੇ ਕੁੱਝ ਮਹੀਨਿਆਂ ਤੋਂ ਹੀ ਨਿਊ ਸਾਊਥ ਵੇਲਜ਼ ਦੇ ਉਤਰੀ ਅਤੇ ਉਤਰੀ-ਪੱਛਮੀ ਖੇਤਰ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਇਸ ਦੇ ਨਾਲ ਕੁਈਨਜ਼ਲੈਂਡ ਦੇ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਜਿਵੇਂ ਜਿਵੇਂ ਸਾਫ਼ ਸਫ਼ਾਈ ਦਾ ਕੰਮ ਜਾਰੀ ਹੈ, ਤਿਵੇਂ ਤਿਵੇਂ ਵਰਖਾ ਦੀ ਚੱਲੀ ਹੀ ਜਾਂਦੀ ਹੈ ਅਤੇ ਮੌਸਮ ਵਿਭਾਗ ਨੇ ਨਵੀਆਂ ਚਿਤਾਵਨੀਆਂ ਜਾਰੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਦੇ ਮੱਧ ਅਤੇ ਦੱਖਣੀ ਸਮੁੰਦਰੀ ਕਿਨਾਰਿਆਂ ਵਾਲੇ ਖੇਤਰਾਂ (ਗੋਰਫੋਰਡ ਤੋਂ ਦੱਖਣੀ ਬੇਗਾ ਅਤੇ ਮੱਧ ਅਤੇ ਦੱਖਣੀ ਟੇਬਲ ਲੈਂਡਜ਼ ਆਦਿ) ਵਿੱਚ ਇਸ ਹਫ਼ਤੇ ਦੌਰਾਨ 60 ਤੋਂ 100 ਮਿਲੀ ਮੀਟਰ ਅਤੇ ਕਈ ਥਾਂਵਾਂ ਤੇ 140 ਮਿਲੀ ਮੀਟਰ ਤੱਕ ਦੀ ਵਰਖਾ ਦੀਆਂ ਸੰਭਾਵਨਾਵਾਂ ਬਰਕਰਾਰ ਹਨ ਅਤੇ ਇਸ ਵਾਸਤੇ ਲੋਕਾਂ ਨੂੰ ਸਚੇਤ ਕੀਤਾ ਜਾਂਦਾ ਹੈ ਕਿ ਹੜ੍ਹਾਂ ਦੀਆਂ ਸਥਿਤੀਆਂ ਲਈ ਤਿਆਰ ਬਰ ਤਿਆਰ ਰਹਿਣ ਅਤੇ ਸੂਚਨਾ ਮਿਲਦਿਆਂ ਹੀ ਤੁਰੰਤ ਆਪਣੇ ਮੌਜੂਦਾ ਖੇਤਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਅਤੇ ਆਪਾਤਕਾਲੀਨ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਦਾ ਸਹਿਯੋਗ ਕਰਨ, ਤਾਂ ਜੋ ਸਮਾਂ ਰਹਿੰਦਿਆਂ ਲੋਕਾਂ ਦੀ ਜਾਨ-ਮਾਲ਼ ਦਾ ਹਿਫ਼ਾਜ਼ਤ ਕੀਤੀ ਜਾ ਸਕੇ।
ਹੜ੍ਹਾਂ ਦੀਆਂ ਚਿਤਾਵਨੀਆਂ ਵਿੱਚ ਵੋਲੋਂਬੀ ਬਰੂਕ, ਲੋਅਰ ਹੰਟਰ, ਨੇਪੀਅਨ, ਹਾਅਕਸਬਰੀ, ਅਪਰ ਕੋਕਸ, ਕੋਲੋ, ਮੈਕਡੋਨਲਡ, ਪੈਰਾਮਾਟਾ, ਜੋਰਜਿਸ, ਵੋਰੋਨੋਰਾ, ਸ਼ੌਲਹੈਵਨ, ਕਲਾਈਡ, ਮੌਰੂਇਆ, ਡਿਓਆ, ਮੈਕੁਆਇਰ, ਕੁਈਨਬਿਆਨ ਅਤੇ ਮੋਲੋਂਗਲੋ ਨਦੀਆਂ ਆਦਿ ਦੇ ਖੇਤਰ ਵੀ ਸ਼ਾਮਿਲ ਹਨ।
ਪ੍ਰੀਮੀਅਰ -ਡੋਮਿਨਿਕ ਪੈਰੋਟੈਟ ਨੇ ਕਿਹਾ ਕਿ ਰਾਜ ਸਰਕਾਰ, ਕਾਮਨਵੈਲਥ ਨਾਲ ਮਿਲ ਕੇ ਕੰਮ ਕਰਨ ਨੂੰ ਪੂਰਨ ਰੂਪ ਵਿੱਚ ਤਿਆਰ ਹੈ ਅਤੇ ਇਹ ਵੀ ਸੁਨਿਸਚਿਤ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਦਾ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ ਸਭ ਨੂੰ ਰਾਹਤ ਵਾਲੀ ਮਦਦ ਮਿਲਣੀ ਚਾਹੀਦੀ ਹੈ ਅਤੇ ਫੇਰ ਭਾਵੇਂ ਉਹ ਕਿਤੇ ਵੀ ਰਹਿੰਦੇ ਹੋਣ। ਕਾਮਨਵੈਲਥ ਦੇ ਸਰਵੇਖਣ ਦੌਰਾਨ ਅਜਿਹੇ ਕੁੱਝ ਲੋਕਾਂ ਨੂੰ ਜਿਨ੍ਹਾਂ ਦੇ ਹੜ੍ਹਾਂ ਕਾਰਨ ਨੁਕਸਾਨ ਹੋਏ ਹਨ, ਉਨ੍ਹਾਂ ਨੂੰ ਰਾਹਤ ਵਾਲੀ ਮਦਦ ਦੇ ਯੋਗ ਨਹੀਂ ਪਾਇਆ ਜਾ ਰਿਹਾ ਜੋ ਕਿ ਇੱਕਤਰਫਾ ਅਤੇ ਮਾੜਾ ਫੈਸਲਾ ਹੈ ਅਤੇ ਇਸ ਵਾਸਤੇ ਉਹ ਬਹੁਤ ਜ਼ਿਆਦਾ ਚਿੰਤਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਦਾ ਘਰ ਟੁੱਟਿਆ ਹੈ, ਜਾਨੀ ਜਾਂ ਮਾਲ਼ੀ ਨੁਕਸਾਨ ਹੋਇਆ ਹੈ, ਫੇਰ ਉਹ ਭਾਵੇਂ ਲਿਸਮੋਰ ਵਿੱਚ ਰਹਿੰਦਾ ਹੋਵੇ ਅਤੇ ਜਾਂ ਫੇਰ ਮਲੰਮਬਿੰਬੀ ਵਿੱਚ -ਰਾਹਤ ਵਾਲੀ ਮਦਦ ਦਾ ਪੂਰਨ ਤੌਰ ਤੇ ਹੱਕਦਾਰ ਹੈ।

Install Punjabi Akhbar App

Install
×