ਨਿਊ ਸਾਊਥ ਵੇਲਜ਼ ਵਿੱਚ ਤਿਆਰ ਕੀਤੀ ਗਈ ਪਹਿਲੀ ਬਿਜਲਈ ਬੱਸ ਟ੍ਰਾਇਲ ਲਈ ਨਿਕਲੀ

ਰਾਜ ਸਰਕਾਰ ਨੇ ਜ਼ੀਰੋ ਅਮਿਸ਼ਨ ਦੇ ਟਾਰਗੇਟ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਰਾਜ ਅੰਦਰ ਚਲਣ ਵਾਲੀਆਂ ਸਾਰੀਆਂ ਹੀ ਬੱਸਾਂ ਦੀ ਕਾਨਵਾਈ ਨੂੰ ਬਿਜਲਈ ਕਰਨ ਦਾ ਮਨ ਬਣਾਇਆ ਹੋਇਆ ਹੈ ਅਤੇ ਇਸ ਵਾਸਤੇ ਰਾਜ ਅੰਦਰ ਹੀ ਤਿਆਰ ਕੀਤੀ ਗਈ ਪਹਿਲੀ ਬਿਜਲਈ ਬੱਸ ਨੂੰ ਟ੍ਰਾਇਲ ਵਾਸਤੇ ਲਗਾ ਦਿੱਤਾ ਗਿਆ ਹੈ।
ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਸਟਰਨ ਸਿਡਨੀ ਦੇ ਇੰਜਨੀਅਰਾਂ ਅਤੇ ਸਮੁੱਚੀ ਟੀਮ ਇਸ ਵਾਸਤੇ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਇਸ ਬੱਸ ਨੂੰ ਤਿਆਰ ਕੀਤਾ ਹੈ ਅਤੇ ਬਸ ਨੂੰ ਬੋਂਡੀ ਬੀਚ ਅਤੇ ਬਰੋਂਟੇ ਦੇ ਰੂਟ ਉਪਰ ਚਲਾਇਆ ਜਾ ਰਿਹਾ ਹੈ ਅਤੇ ਲੋਕ ਇਸ ਦੀ ‘ਮੁਫ਼ਤ’ ਸਵਾਰੀ ਦਾ ਭਰਪੂਰ ਆਨੰਦ ਉਠਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਹੀ 50 ਹੋਰ ਬੱਸਾਂ ਨੂੰ ਤਿਆਰ ਕਰਨ ਲਈ ਕਮਰ ਕੱਸ ਲਈ ਗਈ ਹੈ ਅਤੇ ਇਹ ਬੱਸਾਂ ਵੀ ਇਸੇ ਸਾਲ ਹੀ ਨਿਊ ਸਾਊਥ ਵੇਲਜ਼ ਦੀਆਂ ਸੜਕਾਂ ਉਪਰ ਦੌੜਨੀਆਂ ਸ਼ੁਰੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੰਦਰ ਰਾਜ ਵਿੱਚ 8,000 ਬੱਸਾਂ ਚਲਦੀਆਂ ਹਨ ਜੋ ਕਿ ਡੀਜ਼ਲ ਅਤੇ ਗੈਸ ਨਾਲ ਚਲਦੀਆਂ ਹਨ ਅਤੇ ਇਨ੍ਹਾਂ ਨੂੰ ਬਿਜਲਈ ਊਰਜਾ ਨਾਲ ਚਲਾਉਣ ਲਈ ਸਰਕਾਰ ਹੁਣ ਪੂਰਾ ਮਨ ਬਣਾ ਚੁਕੀ ਹੈ।
ਵਾਕਲੋਜ਼ ਤੋਂ ਐਮ.ਪੀ. ਗੈਬਰੀਲ ਅਪਟਨ ਨੇ ਇਸ ਨੂੰ ਵਧੀਆ ਕਦਮ ਦੱਸਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਨੇ ਜ਼ੀਰੋ ਅਮਿਸ਼ਨ ਖੇਤਰ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਨ੍ਹਾਂ ਦਾ ਪਰਿਣਾਮ ਵੀ ਵਧੀਆ ਹੀ ਨਿਕਲੇਗਾ।
ਇਸ ਬੱਸ ਨੂੰ ਡਿਜ਼ਾਈਨ ਕਰਨ ਤੋਂ ਲੈ ਕੇ ਤਿਆਰ ਕਰਨ ਵਾਲੇ ਸੇਂਟ ਮੈਰੀਜ਼ ਦੇ ਕਸਟਮ ਡੈਨਿੰਗ ਕੰਪਨੀ ਦਾ ਕਹਿਣਾ ਹੈ ਕਿ ਇਹ ਬੱਸ ਪੂਰੀ ਤਰ੍ਹਾਂ ਨਾਲ ਚਾਰਜ ਹੋ ਕੇ 16 ਘੰਟਿਆਂ ਅਤੇ ਜਾਂ ਫੇਰ 450 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਕੋਟ ਡਨ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਾਪਤੀ ਉਪਰ ਗਰਵ ਹੈ ਕਿ ਉਹ ਰਾਜ ਸਰਕਾਰ ਦੇ ਜ਼ੀਰੋ ਅਮਿਸ਼ਨ ਟੀਚੇ ਨੂੰ ਹਾਸਲ ਕਰਨ ਵਿੱਚ ਸਹਿਯੋਗ ਕਰ ਰਹੇ ਹਨ।

Install Punjabi Akhbar App

Install
×