ਨਿਊ ਸਾਊਥ ਵੇਲਜ਼ ਅਤੇ ਪੱਛਮੀ ਆਸਟ੍ਰੇਲੀਆ ਤੋਂ ਅੱਗ ਬੁਝਾਊ ਯੋਧੇ ਜਾਣਗੇ ਕੈਨੇਡਾ ਵਿੱਚ ਲੱਗੀ ਅੱਗ ਬੁਝਾਉਣ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਚੋਂ 38 ਅੱਗ ਬੁਝਾਊ ਯੋਧਿਆਂ ਨੂੰ ਇੱਕ ਦਸਤੇ ਦੇ ਰੂਪ ਵਿੱਚ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿੱਚ ਲੱਗੀ ਜੰਗਲੀ ਅੱਗ ਉਪਰ ਕਾਬੂ ਪਾਉਣ ਲਈ ਅੱਜ ਹੀ ਸਿਡਨੀ ਤੋਂ ਰਵਾਨਾ ਕੀਤਾ ਜਾ ਰਿਹਾ ਹੈ।
ਇਸ ਦਸਤੇ ਵਿੱਚ ਪੱਛਮੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਕੁੱਲ 55 ਅੱਗੇ ਬੁਝਾਊ ਯੋਧੇ ਸ਼ਾਮਿਲ ਹੋਣਗੇ ਜਿਨ੍ਹਾਂ ਵਿੱਚ ਕਿ 22 ਅੱਗ ਬੁਝਾਊ ਮਾਹਿਰ (ਨਿਊ ਸਾਊਥ ਵੇਲਜ਼ ਰੂਰਲ ਸੇਵਾਵਾਂ), 10 ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਤੋਂ, ਅਤੇ 3 ਮੈਂਬਰ ਨਿਊ ਸਾਊਥ ਵੇਲਜ਼ ਦੇ ਆਪਾਤਕਾਲੀਨ ਸੇਵਾਵਾਂ ਵਿਚੋਂ ਹਨ।
ਜ਼ਿਕਰਯੋਗ ਹੈ ਕਿ ਇਸ ਵਾਰੀ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਅੱਗ ਨੇ ਕਹਿਰ ਢਾਹਿਆ ਹੋਇਆ ਹੈ ਅਤੇ ਇਸ ਸਮੇਂ ਵੀ 300 ਤੋਂ ਵੀ ਵੱਧ ਥਾਂਵਾਂ ਉਪਰ ਇਹ ਕਹਿਰ ਜਾਰੀ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਹਫ਼ਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣਾ ‘ਮਾਰੀ ਬਸ਼ੀਰ’ (ਆਰ.ਐਫ.ਐਸ ਦਾ 737) ਨਾਮ ਦਾ ਏਅਰ ਟੈਂਕਰ ਵੀ ਕੈਨੇਡਾ ਵਿੱਚ 45 ਦਿਨਾਂ ਦੀਆਂ ਸੇਵਾਵਾਂ ਲਈ ਭੇਜਿਆ ਹੋਇਆ ਹੈ ਜੋ ਕਿ ਹਵਾ ਵਿੱਚੋਂ ਪਾਣੀ ਗਿਰਾ ਕੇ ਜੰਗਲੀ ਅੱਗ ਨੂੰ ਬੁਝਾਉਣ ਦੀ ਪ੍ਰਕਿਰਿਆ ਵਿੱਚ ਸਹਿਯੋਗੀ ਹੁੰਦਾ ਹੈ।
ਉਪਰੋਕਤ, ਕੈਨੇਡਾ ਜਾ ਰਿਹਾ ਦਸਤਾ ਅਗਲੇ 5 ਹਫ਼ਤਿਆਂ ਤੱਕ ਕੈਨੇਡਾ ਦੇ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਏਗਾ ਅਤੇ ਉਥੇ ਪਹਿਲਾਂ ਤੋਂ ਕੰਮ ਕਰ ਰਹੇ ਹੋਰਨਾਂ ਯੋਧਿਆਂ ਨਾਲ ਮਿਲ ਕੇ ਅੱਗ ਬੁਝਾਉਣ ਵਿੱਚ ਮਦਦ ਕਰੇਗਾ।

Install Punjabi Akhbar App

Install
×